July 5, 2024 12:51 am
Phagwara

ਫਗਵਾੜਾ ਖੰਡ ਮਿੱਲ ਅੱਗੇ ਦਿੱਤੇ ਜਾ ਰਹੇ ਧਰਨੇ ਨੂੰ ਕਿਸਾਨ ਜੱਥੇਬੰਦੀਆਂ ਦਾ ਮਿਲਿਆ ਸਮਰਥਨ, ਸੰਘਰਸ਼ ਤੇਜ਼ ਕਰਨ ਦਾ ਐਲਾਨ

ਫਗਵਾੜਾ 13 ਅਗਸਤ 2022: ਫਗਵਾੜਾ (Phagwara) ਵਿਖੇ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਲਗਾਏ ਗਏ ਧਰਨੇ ਤੇ ਗੱਲਬਾਤ ਕਰਨ ਲਈ ਧਰਨੇ ਦੇ ਪੰਜਵੇਂ ਦਿਨ ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਧਾਲੀਵਾਲ ਫਗਵਾੜਾ ਪਹੁੰਚੇ। ਜਿੱਥੇ ਕਿ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਚ ਖੇਤੀਬਾੜੀ ਮੰਤਰੀ ਅਤੇ ਕਿਸਾਨ ਜੱਥੈਬੰਦੀਆਂ ਦੇ ਆਗੂਆਂ ਵਿਚਕਾਰ ਕਰੀਬ ਪੌਣੇ ਦੋ ਘੰਟੇ ਚੱਲੀ ਮੀਟਿੰਗ ਆਖਿਰ ਵਿੱਚ ਬੇਸਿੱਟਾ ਹੀ ਨਿਕਲੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਨਾਲ ਵਧੀਆ ਮਾਹੌਲ ਵਿੱਚ ਮੀਟਿੰਗ ਹੋਈ ਹੈ ਉਨ੍ਹਾਂ ਕਿਹਾ ਕਿ ਖੰਡ ਮਿੱਲ ਦੇ ਫਤਿਹਾਬਾਦ ਹਰਿਆਣਾ ਵਿੱਚ ਜਿਹੜੀ ਜ਼ਮੀਨ ਸੀ ਉਸ ਨੂੰ ਲੈ ਕੇ ਸਰਕਾਰ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਦੀ ਰਜਿਸਟਰੀ ‘ਤੇ ਰੋਕ ਲਗਾਈ ਸੀ ਤਾਂ ਕਿ ਕਿਸਾਨ ਭਰਾਵਾਂ ਨੂੰ ਵੱਧ ਪੈਸੇ ਮਿਲ ਸਕਣ | ਜਿਸ ਨਾਲ ਕਿਸਾਨ ਭਰਾ ਨਾਰਾਜ਼ ਹੋ ਗਏ ਸਨ ਉਹ ਪੱਤਰ ਵਾਪਸ ਲੈ ਲੈ ਲਿਆ ਗਿਆ ਅਤੇ ਉਸ  ਜ਼ਮੀਨ ਦੀ ਰਜਿਸਟਰੀ ਕਰਵਾਉਣ ਦੀ ਜ਼ਿੰਮੇਵਾਰੀ ਡੀ ਸੀ ਕਪੂਰਥਲਾ ਦੀ ਲਗਾਈ ਗਈ ਹੈ |

ਇਸਦੇ ਨਾਲ ਹੀ ਫਗਵਾੜਾ (Phagwara) ਖੰਡ ਮਿੱਲ ਅੱਗੇ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਲਗਾਏ ਗਏ ਧਰਨੇ ਨੂੰ ਪੰਜਾਬ ਦੀਆਂ 31 ਜੱਥੇਬੰਦੀਆਂ ਦਾ ਸਮਰਥਨ ਮਿਲਿਆ ਹੈ। ਫਗਵਾੜਾ ਵਿੱਚ ਦੇਰ ਰਾਤ ਤੱਕ ਹੋਈ ਸਮੂਹ ਜਥੇਬੰਦੀਆਂ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ | ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ 25 ਅਗਸਤ ਨੂੰ ਫਗਵਾੜਾ ਮਿੱਲ ਚੌਕ ਵਿਖੇ ਕਿਸਾਨਾਂ ਦਾ ਵਿਸ਼ਾਲ ਇਕੱਠ ਕੀਤਾ ਜਾਵੇਗਾ।

ਇਸਦੇ ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਫਗਵਾੜਾ ਸ਼ੂਗਰ ਮਿੱਲ ਨੂੰ ਵੀ ਸਿੰਘੂ ਬਾਰਡਰ ਵਿੱਚ ਤਬਦੀਲ ਕੀਤਾ ਜਾਵੇਗਾ। ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਇੱਥੇ ਪੱਕਾ ਮੋਰਚਾ ਲਾਇਆ ਜਾਵੇਗਾ।ਇਸ ਤੋਂ ਇਲਾਵਾ ਲਖੀਮਪੁਰ ਖੀਰੀ ਕਤਲੇਆਮ ਸਬੰਧੀ ਵੀ ਅਹਿਮ ਫੈਸਲਾ ਲਿਆ ਗਿਆ ਹੈ।

ਕਿਸਾਨਾਂ ਦੀਆਂ 31 ਜੱਥੇਬੰਦੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਲਖੀਮਪੁਰ ਖੇੜੀ ਵਿੱਚ ਮਾਰੇ ਗਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਦੇ ਲਈ ਪੰਜਾਬ ਤੋਂ 10 ਹਜ਼ਾਰ ਕਿਸਾਨਾਂ ਦਾ ਜੱਥਾ ਉੱਤਰ ਪ੍ਰਦੇਸ਼ ਜਾਵੇਗਾ ਅਤੇ ਉੱਥੇ ਜਾ ਕੇ ਇਨਸਾਫ਼ ਲਈ ਸੰਘਰਸ਼ ਸ਼ੁਰੂ ਕਰੇਗਾ।ਕਿਸਾਨਾਂ ਨੇ ਫਿਲਹਾਲ ਇੱਕ ਪਾਸੇ ਦੀ ਆਵਾਜਾਈ ਬਹਾਲ ਕਰ ਦਿੱਤੀ ਹੈ।