ਚੰਡੀਗੜ੍ਹ , 07 ਮਾਰਚ 2023: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਇਨ੍ਹੀਂ ਦਿਨੀਂ ਬ੍ਰਿਟੇਨ ਦੇ ਦੌਰੇ ‘ਤੇ ਹਨ। ਉਨ੍ਹਾਂ ਦਾ ਬ੍ਰਿਟੇਨ ਦੌਰਾ ਇਸ ਲਈ ਕਾਫੀ ਚਰਚਾ ‘ਚ ਹੈ ਕਿਉਂਕਿ ਉਹ ਬ੍ਰਿਟੇਨ ‘ਚ ਭਾਜਪਾ ਸਰਕਾਰ ਅਤੇ ਆਰਐੱਸਐੱਸ ‘ਤੇ ਨਿਸ਼ਾਨਾ ਸਾਧ ਰਹੇ ਹਨ। ਸੋਮਵਾਰ ਨੂੰ ਰਾਹੁਲ ਗਾਂਧੀ ਨੇ ਬ੍ਰਿਟੇਨ ਦੀ ਸੰਸਦ ‘ਚ ਕੁਝ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਭਾਰਤੀ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂਆਂ ਦੇ ਮਾਈਕ ਬੰਦ ਕਰ ਦਿੱਤੇ ਜਾਂਦੇ ਹਨ। ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨਰਾਇਣ ਸਿੰਘ ਨੇ ਰਾਹੁਲ ਗਾਂਧੀ ਦੇ ਇਸ ਬਿਆਨ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਰਾਹੁਲ ਗਾਂਧੀ ਦਾ ਇਹ ਦਾਅਵਾ ਝੂਠਾ ਹੈ।
ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨਰਾਇਣ ਸਿੰਘ ਨੇ ਕਿਹਾ ਕਿ ‘ਰਾਹੁਲ ਗਾਂਧੀ ਨੇ ਲੰਡਨ ਵਿਚ ਜੋ ਕਿਹਾ, ਉਹ ਬਿਲਕੁਲ ਝੂਠ ਅਤੇ ਬੇਬੁਨਿਆਦ ਹੈ। ਮੈਂ ਆਪਣੇ ਤਜ਼ਰਬੇ ਤੋਂ ਕਹਿ ਸਕਦਾ ਹਾਂ ਕਿ ਮੈਂ ਅੱਜ ਤੱਕ ਕਿਸੇ ਤੋਂ ਅਜਿਹੀ ਗੱਲ ਨਹੀਂ ਸੁਣੀ ਹੈ। ਹਰੀਵੰਸ਼ ਨਰਾਇਣ ਸਿੰਘ ਨੇ ਕਿਹਾ ਕਿ 1952 ਤੋਂ ਜਿਨ੍ਹਾਂ ਰਵਾਇਤਾਂ ਅਤੇ ਪ੍ਰਣਾਲੀਆਂ ਤਹਿਤ ਸੰਸਦ ਚੱਲਦੀ ਸੀ, ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਹੈ।