Site icon TheUnmute.com

ਡਿਪਟੀ ਕਮਿਸ਼ਨਰ ਨੇ ਪਾਣੀ ‘ਚ ਘਿਰੇ ਘਰਾਂ ”ਚ ਬੈਠੇ ਲੋਕਾਂ ਨੂੰ ਖ਼ੁਦ ਫੋਨ ਕਰਕੇ ਆਰਮੀ ਦੇ ਨਾਲ ਕਿਸ਼ਤੀ ਰਾਹੀਂ ਬਾਹਰ ਆਉਣ ਲਈ ਮਨਾਇਆ

ਸਾਕਸ਼ੀ ਸਾਹਨੀ

ਬਾਦਸ਼ਾਹਪੁਰ, ਪਾਤੜਾਂ, ‌ਪਟਿਆਲਾ, 13 ਜੁਲਾਈ 2023: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਘੱਗਰ ਦਰਿਆ ਕੰਢੇ ਪਿੰਡ ਬਾਦਸ਼ਾਹਪੁਰ ਨੇੜੇ ਡੇਰਿਆਂ ਵਿੱਚ ਬੈਠੇ ਵੱਡੀ ਗਿਣਤੀ ਲੋਕਾਂ ਨੂੰ ਖ਼ੁਦ ਫੋਨ ਕਰਕੇ ਡੇਰੇ ਵਿੱਚੋਂ ਆਰਮੀ ਦੇ ਨਾਲ ਬੋਟ ਰਾਹੀਂ ਬਾਹਰ ਆਉਣ ਲਈ ਮਨਾਇਆ। ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਬਾਦਸ਼ਾਹਪੁਰ, ਸਮੇਤ ਕੁਝ ਹੋਰ ਇਲਾਕਿਆਂ ਵਿੱਚ ਪਾਣੀ ਨਾਲ ਘਿਰੇ ਆਪਣੇ ਡੇਰਿਆਂ ਵਿੱਚ ਬੈਠੇ ਹਨ ਅਤੇ ਇੱਥੋਂ ਬਾਹਰ ਆਉਣ ਲਈ ਰਾਜੀ ਨਹੀਂ ਹੋ ਰਹੇ, ਇਸ ਲਈ ਇਨ੍ਹਾਂ ਦੀ ਜਾਨ ਉਪਰ ਖ਼ਤਰਾ ਮੰਡਰਾਅ ਰਿਹਾ ਹੈ।

ਸਾਕਸ਼ੀ ਸਾਹਨੀ ਨੇ ਖ਼ੁਦ ਇਨ੍ਹਾਂ ਵਿਅਕਤੀਆਂ ਨੂੰ ਫੋਨ ਕੀਤੇ ਅਤੇ ਅਤੇ ਕਿਹਾ ਕਿ ਉਨ੍ਹਾਂ ਦੀ ਜਾਨ ਸਾਰੀਆਂ ਚੀਜਾਂ ਅਤੇ ਘਰਾਂ ਨਾਲੋਂ ਜਰੂਰੀ ਹੈ, ਇਸ ਲਈ ਉਹ ਤੁਰੰਤ ਆਪਣੇ ਘਰ-ਬਾਰ ਛੱਡਕੇ ਫ਼ੌਜ ਜਾਂ ਐਨਡੀਆਰਐਫ਼ ਦੀਆਂ ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਦੇ ਨਾਲ ਬਾਹਰ ਆ ਜਾਣ। ਇਸ ਕਦਰ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਕੇ ਇਹ ਲੋਕ ਨਿਕਲਕੇ ਆਉਣ ਲਈ ਰਾਜੀ ਹੋਏ, ਤਾਂ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਨੂੰ ਕਿਹਾ ਕਿ ਜੇਕਰ ਫ਼ੌਜ ਦੇ ਆਉਣ ਵਿੱਚ ਕੁਝ ਦੇਰੀ ਜਾ ਹਨੇਰਾ ਹੁੰਦਾ ਹੈ ਤਾਂ ਆਪਣੇ ਘਰਾਂ ਦੀਆਂ ਛੱਤਾਂ ਉਪਰ ਚਲੇ ਜਾਣ ਅਤੇ ਆਪ ਨੂੰ ਕਿਸੇ ਰੱਸੇ ਆਦਿ ਨਾਲ ਬੰਨ੍ਹ ਕੇ ਸੁਰੱਖਿਅਤ ਕਰ ਲਿਆ ਜਾਵੇ, ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ ਹੈ।

Exit mobile version