ਚੰਡੀਗੜ੍ਹ, 09 ਸਤੰਬਰ 2024: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਜਲੰਧਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ (Punjab) ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਂ ਮੰਗ ਪੱਤਰ ਦਿੱਤੇ ਗਏ ਹਨ। ਇਸ ਮੰਗ ਪੱਤਰ ‘ਚ ਸੁਧਾਰ ਲਹਿਰ ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਡੀਜ਼ਲ ਤੇ 92 ਪੈਸੇ ਅਤੇ ਪੈਟਰੋਲ ਤੇ 62 ਪੈਸੇ ਵੈਟ ਵਧਾਉਣ ਅਤੇ ਬਿਜਲੀ ਦਰਾਂ ‘ਚ 7 ਕਿਲੋਵਾਟ ਤੱਕ 3 ਰੁਪਏ ਪ੍ਰਤੀ ਯੂਨਿਟ ਤੱਕ ਮਿਲਦੀ ਸਬਸਿਡੀ ਖਤਮ ਕਰਨ ਦਾ ਮੁੱਦਾ ਚੁੱਕਿਆ ਹੈ |
ਇਸ ਬਾਰੇ ਸੁਧਾਰ ਲਹਿਰ ਦੇ ਕਨਵੀਨਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਇਹਨਾਂ ਦੋਵੇਂ ਫੈਸਲਿਆ ਨਾਲ ਪੰਜਾਬ ਵਾਸੀਆਂ ‘ਤੇ ਲੱਗਭਗ 2400 ਕਰੋੜ ਦਾ ਬੋਝ ਪਾਇਆ ਗਿਆ ਹੈ ਅਤੇ ਇਸਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ‘ਚ ਵੀ ਕਈ ਵਾਰ ਬਿਜਲੀ ਦੇ ਰੇਟਾਂ ਚ ਵਾਧਾ ਕਰਕੇ ਲਗਭਗ 7800 ਕਰੋੜ ਦਾ ਬੋਝ ਆਮ ਜਨਤਾ ‘ਤੇ ਪਾਇਆ ਹੈ | ਉਨ੍ਹਾਂ ਕਿਹਾ ਕਿ ਇਹ ਟੈਕਸ ਵਿਧਾਨ ਸਭਾ ਦੇ ਚੱਲਦੇ ਇਜਲਾਸ ਨਹੀਂ ਦੱਸੇ ਗਏ |
ਉਨ੍ਹਾਂ ਕਿਹਾ ਕਿ ਫਰਵਰੀ ਅਤੇ ਜੂਨ 2023 ‘ਚ 1 ਰੁਪਏ ਵੈਟ ਵਧਾ ਕੇ ਤੇ 1 ਰੁਪਏ ਸੈਸ ਲੱਗਾ ਕਿ ਪਹਿਲਾਂ ਹੀ ਲਗਭਗ 900 ਕਰੋੜ ਦਾ ਸਲਾਨਾ ਬੋਝ ਪਾਇਆ ਗਿਆ ਹੈ | ਜੱਥੇਦਾਰ ਵਡਾਲਾ ਨੇ ਕਿਹਾ ਕਿ ਜਨਤਾ ਤੇ ਬੋਝ ਪੈਣ ਤੋਂ ਬਾਅਦ ਵੀ ਇਹਨਾਂ ਵਧੇ ਹੋਏ ਰੇਟਾਂ ਨਾਲ ਸਾਡੇ ਗੁਆਂਢੀ ਸੂਬਿਆਂ ਤੋਂ ਡੀਜ਼ਲ ਤੇ ਪੈਟਰੋਲ ਮਹਿੰਗਾ ਹੋਣ ਕਰਕੇ ਸੂਬੇ ਦਾ ਹੋਰ ਨੁਕਸਾਨ ਹੋ ਸਕਦਾ ਹੈ। ਜਿਵੇਂ ਕਿ ਪੈਟਰੋਲ ਲਗਭਗ ਹਰਿਆਣੇ ਤੋਂ 1.95 ਰੁਪਏ, ਹਿਮਾਚਲ ਤੋਂ 2.35 ਰੁਪਏ, ਜੰਮੂ ਕਸ਼ਮੀਰ ਤੋਂ 1.68 ਰੁਪਏ, ਚੰਡੀਗੜ ਤੋ 3.00 ਰੁਪਏ ਮਹਿੰਗਾਂ ਹੈ। ਇਸੇ ਤਰਾਂ ਡੀਜਲ ਹਿਮਾਚਲ ਤੋਂ 1.42 ਰੁਪਏ, ਜੰਮੂ ਕਸ਼ਮੀਰ ਤੋਂ 4.39 ਰੁਪਏ, ਚੰਡੀਗੜ ਤੋ 5.66 ਰੁਪਏ ਮਹਿੰਗਾ ਹੋਣ ਕਰਕੇ ਸੂਬੇ ਦਾ ਬਹੁੱਤ ਵੱਡਾ ਨੁਕਸਾਨ ਹੋਵੇਗਾ।
ਜੱਥੇਦਾਰ ਵਡਾਲਾ ਨੇ ਪੰਜਾਬ (Punjab) ਦੇ ਰਾਜਪਾਲ ਨੂੰ ਦੱਸਿਆ ਕਿ ਡੀਜਲ ਅਤੇ ਪੈਟਰੋਲ ਦਾ ਸਿੱਧਾ ਅਸਰ ਮਹਿੰਗਾਈ ਨਾਲ ਜੁੜਿਆ ਹੁੰਦਾ ਹੈ। ਅੱਧੀ ਰਾਤ ਤੋਂ 23 ਪੈਸੇ ਪ੍ਰਤੀ ਕਿਲੋਮੀਟਰ ਬੱਸ ਕਿਰਾਇਆ ਵਧਾ ਦਿੱਤਾ ਹੈ। ਜਿਹੜਾ ਮਜ਼ਦੂਰ ਜਾਂ ਮੁਲਾਜ਼ਮ ਜਾਂ ਕੋਈ ਪੰਜਾਬ ਦਾ ਵਾਸੀ 15 ਰੁਪਏ ‘ਚ ਸਫਰ ਕਰਦਾ ਸੀ ਉਸ ਨੂੰ ਹੁੱਣ 20 ਰੁਪਏ ਦੇਣੇ ਪੈਂਦੇ ਹਨ ਤੇ ਆਉਣ ਵਾਲੇ ਦਿਨਾਂ ‘ਚ ਢੋਆ-ਢੋਆਈ ਮਹਿੰਗੀ ਹੋਣ ਨਾਲ ਹਰ ਇੰਨਸਾਨ ਦੀ ਰਸੋਈ ਤੋ ਲੈ ਕੇ ਸਾਰੇ ਖ਼ਰਚਿਆਂ ‘ਚ ਵਾਧਾ ਹੋਵੇਗਾ। ਜਿਸ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਨਸ਼ੇ ਅਤੇ ਗੈਂਗਸਟਰ ਦਾ ਮੁੱਦਾ ਉਠਾਉਂਦੇ ਹੋਏ ਸੁਧਾਰ ਲਹਿਰ ਵਲੋ ਆਪਣੇ ਮੰਗ ਪੱਤਰਾਂ ਰਾਹੀਂ ਇਸ ਗੱਲ ਦਾ ਖਾਸ ਜਿਕਰ ਕੀਤਾ ਗਿਆ ਕਿ, ਪੰਜਾਬ ਵਿੱਚ ਜਿੱਥੇ ਨਸ਼ੇ ਕੰਟਰੋਲ ਨਹੀ ਹੋਏ, ਨਸ਼ਿਆਂ ਦਾ ਬੜਾ ਵੱਡਾ ਕੋਹੜ ਸਾਡੇ ਸਮਾਜ ਚ ਫੈਲ ਚੁੱਕਾ ਹੈ। ਇਸ ਮੁੱਦੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਸ ਪਾਸੇ ਵੀ ਖਾਸ ਧਿਆਨ ਦਿੱਤਾ ਜਾਵੇ।