ਚੰਡੀਗੜ੍ਹ, 31 ਅਗਸਤ 2024: ਓਮ ਵੀਜ਼ਾ ਇੰਮੀਗ੍ਰੇਸ਼ਨ ਕੰਪਨੀ (immigration Company) ਦੇ ਇੱਕ ਕਰਮਚਾਰੀ ਦੀ ਜਲੰਧਰ ਬੱਸ ਸਟੈਂਡ ਨੇੜੇ ਸਥਿਤ ਦਫ਼ਤਰ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਜਾਨ ਚਲੀ ਗਈ | ਜਾਣਕਾਰੀ ਮੁਤਾਬਕ ਉਕਤ ਕਰਮਚਾਰੀ ਕਈਂ ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਸੀ | ਮ੍ਰਿਤਕ ਦੀ ਪਛਾਣ ਗੌਰਵ ਵਾਸੀ ਜਲੰਧਰ ਵਜੋਂ ਹੋਈ ਹੈ |
ਪੁਲਿਸ ਨੇ ਨੌਜਵਾਨ ਦੀ ਮ੍ਰਿਤਕ ਦੇਹ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਗੌਰਵ ਨੇ ਖੁਦ ਚੌਥੀ ਮੰਜ਼ਿਲ ਤੋਂ ਛਾਲ ਮਾਰੀ ਜਾਂ ਕਿਸੇ ਨੇ ਉਸ ਨੂੰ ਧੱਕਾ ਦਿੱਤਾ।
ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਓਮ ਵੀਜ਼ਾ ਏਜੰਸੀ (immigration Company) ‘ਤੇ ਗੰਭੀਰ ਦੋਸ਼ ਲਗਾਏ ਹਨ ।ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ ਰਾਤ 9.30 ਵਜੇ ਦੇ ਕਰੀਬ ਫ਼ੋਨ ਆਇਆ ਕਿ ਉਨ੍ਹਾਂ ਦਾ ਬੱਚਾ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ‘ਚ ਦਾਖ਼ਲ ਹੈ | ਜਦੋਂ ਪਰਿਵਾਰ ਵਾਲੇ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਮ੍ਰਿਤਕ ਹਾਲਤ ‘ਚ ਹਸਪਤਾਲ ਲਿਆਂਦਾ ਗਿਆ ਸੀ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਇਆ, ਪਰ ਸਾਡਾ ਬੱਚਾ ਬਹੁਤ ਪਰੇਸ਼ਾਨ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਨੂੰ ਰੋਜ਼ਾਨਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਗੌਰਵ ਇੱਥੇ ਕੰਮ ਨਹੀਂ ਕਰਨਾ ਚਾਹੁੰਦਾ ਸੀ। ਗੌਰਵ ਨੂੰ ਕਥਿਤ ਤੌਰ ‘ਤੇ ਧਮਕੀਆਂ ਦਿੱਤੀਆਂ ਜਾਂਦੀਆਂ ਸਨ |