Site icon TheUnmute.com

ਕਿਸਾਨੀ ਸੰਘਰਸ਼ ‘ਚ ਨੌਜਵਾਨ ਦੀ ਮੌਤ ਹੋਣਾ ਬਹੁਤ ਦੁਖਦਾਈ ਘਟਨਾ: ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ

ਕਿਸਾਨੀ ਸੰਘਰਸ਼

ਚੰਡੀਗੜ੍ਹ, 22 ਫਰਵਰੀ 2024: ਕਿਸਾਨੀ ਸੰਘਰਸ਼ ਦੌਰਾਨ ਨੌਜਵਾਨ ਦੀ ਮੌਤ ਅਤੇ ਸੈਂਕੜੇ ਕਿਸਾਨ ਦਾ ਜ਼ਖਮੀ ਹੋਣਾ ਬਹੁਤ ਦੁਖਦਾਈ ਘਟਨਾ ਹੈ, ਇਸ ਨਾਲ ਸਮੁੱਚੇ ਕਿਸਾਨ ਭਾਈਚਾਰੇ ਦੇ ਦਿਲਾਂ ਵਿਚ ਭਾਰੀ ਰੋਹ ਹੈ | ਇਸ ਗੱਲ ਦਾ ਪ੍ਰਗਟਾਵਾ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਪ੍ਰਧਾਨ ਸੰਤ ਸਮਾਜ ਨੇ ਕੀਤਾ ਹੈ |

ਉਹਨਾ ਕਿਹਾ ਹੈ ਕਿ ਜੋ ਘਟਨਾ ਕੱਲ੍ਹ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਹੋਈ ਹੈ, ਇਸ ਘਟਨਾ ਨਾਲ ਭਾਰਤ ਦੇ ਸਮੂਹ ਕਿਸਾਨ ਦੁਖੀ ਹਨ | ਉਹਨਾ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਕੁਰਬਾਨੀ ਦੇਣ ਵਾਲੇ ਪਰਿਵਾਰ ਨਾਲ ਦਮਦਮੀ ਟਕਸਾਲ ਜੱਥੇਬੰਦੀ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਵੀ ਹੋਣੀ ਚਾਹੀਦੀ ਹੈ | ਉਹਨਾ ਕਿਹਾ ਕਿ ਸਰਕਾਰ ਦਾ ਇਹ ਵਤੀਰਾ ਪੰਜਾਬ ਦੇ ਕਿਸਾਨਾ ਲਈ ਠੀਕ ਨਹੀਂ ਹੈ।

ਉਹਨਾ ਨੇ ਕੇਂਦਰ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਭਰਾਵਾਂ ਦੀ ਆਵਾਜ਼ ਨੂੰ ਨਾ ਦਬਾਇਆ ਜਾਵੇ ਅਤੇ ਉਹਨਾਂ ਦੀਆਂ ਸਮੂਹ ਮੰਗਾਂ ਨੂੰ ਛੇਤੀ ਤੋਂ ਛੇਤੀ ਮੰਨੀਆਂ ਜਾਣ, ਇਸ ਵਿਚ ਹੀ ਸਾਰੇ ਵਰਗਾਂ ਦੀ ਭਲਾਈ ਹੈ। ਉਹਨਾਂ ਨੇ ਕਿਹਾ ਜਿਸ ਤਰੀਕੇ ਨਾਲ ਬੰਗਾਲ ਵਿਚ ਇੱਕ ਪੂਰਨ ਗੁਰਸਿੱਖ ਪੁਲਿਸ ਅਫਸਰ ਜਸਪ੍ਰੀਤ ਸਿੰਘ ਜੋ ਆਪਣੀ ਡਿਊਟੀ ਨਿਭਾ ਰਿਹਾ ਸੀ, ਡਿਊਟੀ ਦੌਰਾਨ ਉਨ੍ਹਾਂ ‘ਤੇ ਕੀਤੀ ਟਿਪਣੀ ਨਿੰਦਣਯੋਗ ਅਤੇ ਚਿੰਤਾਜਨਕ ਹੈ | ਇਸ ਨਾਲ ਵੀ ਸਮੂਚੇ ਸਿੱਖਾਂ ਵਿੱਚ ਭਾਰੀ ਰੋਹ ਹੈ |

ਪਿਛਲੇ ਸਮੇਂ ਵਿੱਚ ਵੀ ਕਈ ਸਿੱਖਾਂ ਦਾ ਇਸੇ ਤਰ੍ਹਾਂ ਅਪਮਾਨ ਕੀਤਾ ਗਿਆ ਹੈ। ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਪਹਿਲਾਂ ਵੀ ਅਤੇ ਵਰਤਮਾਨ ਸਮੇਂ ਵਿੱਚ ਵੀ ਖਾ+ਲਿ+ਸ+ਤਾ+ਨੀ ਕਰਾਰ ਦੇਣ ਦੇ ਯਤਨ ਕੀਤੇ ਜਾ ਰਹੇ ਹਨ ।ਕੇਂਦਰ ਅਤੇ ਸਾਰੀਆਂ ਰਾਜ ਸਰਕਾਰਾਂ ਨੂੰ ਅਜਿਹੇ ਨਫ਼ਰਤੀ ਅਪਰਾਧਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਗਲਤ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਕਿ ਦੇਸ ਵਿੱਚ ਸ਼ਾਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ।

Exit mobile version