July 7, 2024 7:45 am
ਠੇਕਾ ਅਧਾਰਿਤ ਮੁਲਾਜਮ

ਠੇਕਾ ਅਧਾਰਿਤ ਮੁਲਾਜਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ

ਸ੍ਰੀ ਮੁਕਤਸਰ ਸਾਹਿਬ 26 ਅਗਸਤ 2022: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਤਹਿਤ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਵਰਕਰਾਂ ਨੇ ਅੱਜ ਸ਼੍ਰੀ ਮੁਕਤਸਰ ਸਾਹਿਬ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਠੇਕਾ ਅਧਾਰਿਤ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵੱਲੋਂ 23 ਅਗਸਤ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪਰ ਐਨ ਮੌਕੇ ‘ਤੇ ਦਫ਼ਤਰ ਵਲੋਂ ਦੱਸਿਆ ਗਿਆ ਕਿ ਵਿੱਤ ਮੰਤਰੀ ਦੇ ਜਰੂਰੀ ਰੁਝੇਵਿਆਂ ਕਾਰਨ ਅੱਜ ਦੀ ਮੀਟਿੰਗ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਸਮਾਂ ਦੇ ਕੇ ਮੀਟਿੰਗਾਂ ਰੱਦ ਕੀਤੀਆਂ ਗਈਆ ਹਨ। ਪੰਜਾਬ ਸਰਕਾਰ ਦਾ ਇਹ ਵਤੀਰਾ ਨਿੰਦਣਯੋਗ ਹੈ।

ਬੁਲਾਰਿਆ ਨੇ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਅੱਜ ਤੋਂ ਸੰਘਰਸ਼ ਵਿੱਢਿਆ ਹੈ | ਜਿਸ ਤਹਿਤ ਅੱਜ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ 27 ਅਗਸਤ ਤੋ 6 ਸਤੰਬਰ 2022 ਤੱਕ ਸਬ ਡਿਵੀਜ਼ਨਾਂ ਵਿਚ ਮੀਟਿੰਗ ਕਰਕੇ ਠੇਕਾ ਕਾਮਿਆਂ ਨੁੰ ਅਗਲੇ ਤਿੱਖੇ ਸੰਘਰਸ਼ ਦੀਆ ਤਿਆਰੀਆ ਕੀਤੀਆ ਜਾਣਗੀਆਂ।

7 ਸਤੰਬਰ ਤੋ 10 ਸਤੰਬਰ 2022 ਤੱਕ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਧੂਰੀ ਹਲਕੇ ਦੇ ਪਿੰਡਾਂ ਵਿਚ ਝੰਡਾ ਮਾਰਚ ਕਰਕੇ ਲੋਕਾ ਨੁੰ ਪੰਜਾਬ ਸਰਕਾਰ ਦੀਆ ਮਾੜੀਆ ਨੀਤੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। 13 ਸਤੰਬਰ ਨੁੰ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਹਲਕੇ ਧੂਰੀ ਵਿਚ ਪਰਿਵਾਰਾਂ ਬੱਚਿਆਂ ਸਮੇਤ ਨੈਸ਼ਨਲ ਹਾਈਵੇ ਜਾਮ ਕਰਕੇ ਅਣਮਿੱਥੇ ਸਮੇਂ ਲਈ ਮੋਰਚਾ ਲਈ ਜਾਵੇਗਾ |

ਇਹ ਮੋਰਚਾ ਉਹਨਾਂ ਚਿਰ ਜਾਰੀ ਰੱਖਿਆ ਜਾਵੇਗਾ ਜਿੰਨਾ ਚਿਰ ਪੰਜਾਬ ਸਰਕਾਰ ਮੀਟਿੰਗ ਕਰਕੇ ਠੇਕਾ ਮੁਲਾਜਮਾਂ ਦੀਆਂ ਮੰਗਾਂ/ਮਸਲਿਆ ਦਾ ਹੱਲ ਨਹੀ ਕਰਦੇ, ਉਦੋਂ ਤੱਕ ਸਟੇਟ ਹਾਈਵੇ ਧੂਰੀ ਜਾਮ ਰਹੇਗਾ ਅਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿੰਮੇਵਾਰ ਸਿੱਧੇ ਰੂਪ ਵਿਚ ਪੰਜਾਬ ਸਰਕਾਰ ਦੀ ਹੋਵੇਗੀ।