Site icon TheUnmute.com

ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਹੋਲਾ-ਮਹੱਲਾ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ

Hola Mahalla

ਚੰਡੀਗੜ੍ਹ, 13 ਫ਼ਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ (Hola Mahalla) ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ ਦਿੱਤੇ।ਇਸ ਵਿਸ਼ਾਲ ਸਮਾਗਮ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਸੋਮਵਾਰ ਨੂੰ ਇੱਥੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੋਲਾ-ਮਹੱਲਾ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖ ਭਾਈਚਾਰੇ ਦੇ ਜੁਝਾਰੂ ਜਜ਼ਬੇ ਦਾ ਪ੍ਰਤੀਕ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਹੋਣ ਵਾਲੇ ਸਮਾਗਮਾਂ ਵਿੱਚ ਵੱਖ-ਵੱਖ ਵਰਗਾਂ ਦੇ ਸ਼ਰਧਾਲੂ ਭਾਰੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਪਵਿੱਤਰ ਧਰਤੀ ‘ਤੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ।

ਮੁੱਖ ਮੰਤਰੀ ਨੇ ਕਿਹਾ ਕਿ ਹਰ ਸਾਲ ਸ਼ਰਧਾਲੂ ਇਸ ਮੌਕੇ ਨੂੰ ਏਕੇ, ਭਾਈਚਾਰਕ ਸਾਂਝ ਅਤੇ ਸਹਿਣਸ਼ੀਲਤਾ ਨਾਲ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਲਈ ਟਰੈਫਿਕ ਪ੍ਰਬੰਧ, ਵਾਹਨਾਂ ਦੀ ਪਾਰਕਿੰਗ, ਸੁਰੱਖਿਆ ਪ੍ਰਬੰਧ, ਠਹਿਰਨ ਦੀ ਵਿਵਸਥਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਭਗਵੰਤ ਮਾਨ ਨੇ ਸੁਚੱਜੀ ਵਿਉਂਤਬੰਦੀ ਅਤੇ ਇਸ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਰਪੇਸ਼ ਨਾ ਆਵੇ।

ਮੁੱਖ ਮੰਤਰੀ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 1665 ਵਿੱਚ ਇਸ ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਨੂੰ ਵਸਾਇਆ ਸੀ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਅਤੇ ਧਰਮ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਇਹ ਪਾਵਨ ਅਸਥਾਨ ਖਾਲਸੇ ਦੀ ਜਨਮ ਭੂਮੀ ਵੀ ਹੈ, ਇਸ ਪਵਿੱਤਰ ਧਰਤੀ ‘ਤੇ 1699 ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਇਤਿਹਾਸਕ ਦਿਹਾੜੇ ਮੌਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ।

ਭਗਵੰਤ ਮਾਨ ਨੇ ਕਿਹਾ ਕਿ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਹੋਲਾ-ਮਹੱਲਾ (Hola Mahalla) ਮਨਾਉਣ ਦੌਰਾਨ ਪਵਿੱਤਰ ਨਗਰੀ ਵਿਖੇ ਆਉਣ ਵਾਲੀ ਸੰਗਤ ਲਈ ਸਰਕਾਰ ਵੱਲੋਂ ਸੁਚੱਜੇ ਪ੍ਰਬੰਧ ਯਕੀਨੀ ਬਣਾਏ ਜਾਣਗੇ। ਉਨ੍ਹਾਂ ਧਰਮ ਨਿਰਪੱਖਤਾ ਅਤੇ ਧਾਰਮਿਕ ਸਹਿਣਸ਼ੀਲਤਾ ਦਰਸਾਉਣ ਲਈ ਲੋਕਾਂ ਨੂੰ ਜਾਤ-ਪਾਤ, ਰੰਗ, ਨਸਲ ਅਤੇ ਧਾਰਮਿਕ ਵਿਤਕਰੇ ਤੋਂ ਉਪਰ ਉੱਠ ਕੇ ਇਸ ਵਿਸ਼ਾਲ ਸਮਾਗਮ ਨੂੰ ਸਮੂਹਿਕ ਤੌਰ ‘ਤੇ ਪੂਰੇ ਉਤਸ਼ਾਹ ਨਾਲ ਮਨਾਉਣ ਦਾ ਸੱਦਾ ਦਿੱਤਾ।

Exit mobile version