Site icon TheUnmute.com

ਮੁੱਖ ਮੰਤਰੀ ਵੱਲੋਂ ਪੈਰਿਸ ਵਿਖੇ ਤੀਰਅੰਦਾਜ਼ੀ ਦੇ ਵਿਸ਼ਵ ਕੱਪ ‘ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੀਆਂ ਖਿਡਾਰਨਾਂ ਨੂੰ ਵਧਾਈ

gold medal

ਚੰਡੀਗੜ੍ਹ, 19 ਅਗਸਤ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੈਰਿਸ ਵਿੱਚ ਚੱਲ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਲੜਕੀਆਂ ਦੀ ਟੀਮ ਨੂੰ ਵਧਾਈ ਦਿੱਤੀ। ਇੱਕ ਵਧਾਈ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਲੜਕੀਆਂ ਨੇ ਇਸ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਵਿਲੱਖਣ ਪ੍ਰਾਪਤੀ ਹਾਸਲ ਕਰਦਿਆਂ ਭਾਰਤੀ ਲੜਕੀਆਂ ਦੀ ਟੀਮ ਨੇ ਮੈਕਸੀਕੋ ਨੂੰ ਕੰਪਾਊਂਡ ਮਹਿਲਾ ਟੀਮ ਦੇ ਫ਼ਾਈਨਲ ਵਿੱਚ 234-233 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਸਿਰਜਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੀ ਲੜਕੀ ਪ੍ਰਨੀਤ ਕੌਰ ਤਿੰਨ ਮੈਂਬਰੀ ਟੀਮ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਹੋਰ ਵੀ ਗੌਰਵ ਗੱਲ ਹੈ ਕਿ ਇਸ ਲੜਕੀ ਨੇ ਕੋਚ ਸੁਰਿੰਦਰ ਸਿੰਘ ਰੰਧਾਵਾ ਪਾਸੋਂ ਸਿਖਲਾਈ ਲੈ ਕੇ ਟੀਮ ਨੂੰ ਜਿੱਤ ਹਾਸਲ ਕਰਨ ਵਿੱਚ ਆਪਣਾ ਯੋਗਦਾਨ ਪਾਇਆ।ਪਟਿਆਲਾ ਦੇ ਸੁਰਿੰਦਰ ਸਿੰਘ ਰੰਧਾਵਾ ਭਾਰਤੀ ਟੀਮ ਦੇ ਵੀ ਕੋਚ ਹਨ। ਭਗਵੰਤ ਸਿੰਘ ਮਾਨ ਨੇ ਦੇਸ਼ ਦਾ ਮਾਣ ਵਧਾਉਣ ਲਈ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Exit mobile version