ਚੰਡੀਗੜ੍ਹ, 15 ਮਈ 2024: ਬਰਨਾਲਾ (Barnala) ਵਿੱਚ ਕਿਸਾਨਾਂ ਤੇ ਵਪਾਰੀਆਂ ਵਿੱਚ ਬੀਤੇ ਸੋਮਵਾਰ ਝੜੱਪ ਦਾ ਮਾਮਲਾ ਭਖਿਆ ਹੋਇਆ ਹੈ। ਜਿਸਦੇ ਰੋਸ ਵਜੋਂ ਵਪਾਰੀ ਜਥੇਬੰਦੀਆਂ ਨੇ ਬੁੱਧਵਾਰ ਨੂੰ ਸ਼ਹਿਰ ਬੰਦ ਦਾ ਸਦਾ ਦਿੱਤਾ ਹੈ ਅਤੇ ਬਾਜ਼ਾਰ ‘ਚ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ । ਦਰਅਸਲ, ਕਿਸਾਨ ਯੂਨੀਅਨ ਵੱਲੋਂ ਨੌਜਵਾਨ ਨੂੰ ਇੰਗਲੈਂਡ ਭੇਜਣ ਦੇ ਮਾਮਲੇ ਨੂੰ ਲੈ ਕੇ ਇਮੀਗ੍ਰੇਸ਼ਨ ਏਜੰਟ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਇਸ ਪ੍ਰਦਰਸ਼ਨ ਦੌਰਾਨ ਕਿਸਾਨ ਯੂਨੀਅਨ ਅਤੇ ਵਪਾਰੀ ਵਰਗ ਆਹਮੋ-ਸਾਹਮਣੇ ਹੋ ਗਏ ਅਤੇ ਦੋਵਾਂ ਵਿਚਾਲੇ ਝੜੱਪ ਹੋਈ ।
ਇਸਦੇ ਚੱਲਦੇ ਸਮੂਹ ਦੁਕਾਨਦਾਰ ਅਤੇ ਵਪਾਰੀ ਆਪਣੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਮੈਡੀਕਲ ਸਟੋਰ ਸਿਰਫ਼ ਐਮਰਜੈਂਸੀ ਸੇਵਾਵਾਂ ਲਈ ਖੁੱਲ੍ਹੇ ਹਨ। ਬਾਜ਼ਾਰ (Barnala) ਵਿੱਚ ਇਕੱਠੇ ਹੋਏ ਦੁਕਾਨਦਾਰ ਅਤੇ ਵਪਾਰੀ ਕਿਸਾਨ ਯੂਨੀਅਨ, ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਇਸ ਮੌਕੇ ਧਰਨਾਕਾਰੀ ਟਰੇਡ ਯੂਨੀਅਨ ਦੇ ਪ੍ਰਧਾਨ ਅਨਿਲ ਬਾਂਸਲ ਨਾਨਾ, ਵਿਕਾਸ ਗੋਇਲ ਅਤੇ ਰਾਜ ਕੁਮਾਰ ਦਾ ਕਹਿਣਾ ਹੈ ਕਿ ਕਿਸਾਨ ਯੂਨੀਅਨ ਵੱਲੋਂ ਪਰਵਾਸੀ ਵਪਾਰੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਦੇ ਹੱਕ ਵਿੱਚ ਸਮੁੱਚੀਆਂ ਵਪਾਰਕ ਜਥੇਬੰਦੀਆਂ ਅਤੇ ਦੁਕਾਨਦਾਰ ਖੜ੍ਹੇ ਹਨ।
ਦੋ ਦਿਨ ਪਹਿਲਾਂ ਕਿਸਾਨਾਂ ਨੇ ਵਪਾਰੀਆਂ ‘ਤੇ ਲਾਠੀਚਾਰਜ ਕੀਤਾ ਸੀ। ਇਹ ਕਿਸਾਨ ਯੂਨੀਅਨ ਵੱਲੋਂ ਵਪਾਰੀਆਂ ਵਿਰੁੱਧ ਕੀਤੀ ਜਾ ਰਹੀ ਧੱਕੇਸ਼ਾਹੀ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਵਪਾਰੀ ਜਥੇਬੰਦੀਆਂ ਨੇ ਬੁੱਧਵਾਰ ਨੂੰ ਬਰਨਾਲਾ ਸ਼ਹਿਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਨਾਲ ਹੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਪੁਲਿਸ ਦੇ ਸਾਹਮਣੇ ਗੁੰਡਾਗਰਦੀ ਕਰਨ ਵਾਲੇ ਅਤੇ ਵਪਾਰੀਆਂ ‘ਤੇ ਹਮਲਾ ਕਰਨ ਵਾਲਿਆਂ ‘ਤੇ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਵਪਾਰੀ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।