ਅੰਮ੍ਰਿਤਸਰ 29 ਅਕਤੂਬਰ 2022: ਚੰਡੀਗ੍ਹੜ ਦੀ ਸੁਖਨਾ ਝੀਲ ‘ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੁਲਿਸ ਨੂੰ ਸ਼ੁੱਕਰਵਾਰ ਦੁਪਹਿਰ ਝੀਲ ਦੇ ਪਿਛਲੇ ਪਾਸੇ ਸਥਿਤ ਗਾਰਡਨ ਆਫ ਸਾਈਲੈਂਸ (Garden of Silence) ‘ਚ 22 ਸਾਲਾ ਲੜਕੀ ਦੀ ਲਾਸ਼ ਬਰਾਮਦ ਹੋਈ । ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਜਲੰਧਰ ਦੇ ਨੂਰਮਹਿਲ ਦੀ ਰਹਿਣ ਵਾਲੀ ਸੀ ਅਤੇ ਮ੍ਰਿਤਕ ਲੜਕੀ ਬਿਊਟੀ ਪਾਰਲਰ ‘ਚ ਕੰਮ ਕਰਦੀ ਸੀ।
ਪੁਲਿਸ ਨੇ ਲਾਸ਼ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਲੜਕੀ ਦੇ ਗਲੇ ‘ਤੇ ਵੀ ਨਿਸ਼ਾਨ ਪਾਏ ਗਏ ਹਨ, ਪੁਲਿਸ ਨੂੰ ਕਤਲ ਦਾ ਸ਼ੱਕ ਹੈ। ਹਾਲਾਂਕਿ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਕਤਲ ਕੀਤਾ ਗਿਆ ਹੈ।
ਸ਼ੁੱਕਰਵਾਰ ਦੁਪਹਿਰ ਕਰੀਬ 2.30 ਵਜੇ ਗਾਰਡਨ ਆਫ ਸਾਈਲੈਂਸ ਦੇ ਕੋਲੋਂ ਲੰਘ ਰਹੇ ਇਕ ਰਾਹਗੀਰ ਨੇ ਝਾੜੀਆਂ ਵਿੱਚ ਲੜਕੀ ਦੀ ਲਾਸ਼ ਦੇਖੀ। ਮ੍ਰਿਤਕ ਲੜਕੀ ਦੇ ਗਲੇ ਵਿਚ ਚੁੰਨੀ ਬੰਨ੍ਹੀ ਹੋਈ ਸੀ ਅਤੇ ਉਸ ਦੇ ਗਲੇ ‘ਤੇ ਵੀ ਨਿਸ਼ਾਨ ਸਨ। ਨੱਕ ਅਤੇ ਮੂੰਹ ਵਿੱਚੋਂ ਵੀ ਖੂਨ ਨਿਕਲ ਰਿਹਾ ਸੀ। ਰਾਹਗੀਰ ਨੇ ਇਸਦੀ ਸੂਚਨਾ ਝੀਲ ਚੌਕੀ ‘ਤੇ ਦਿੱਤੀ।
ਇਸ ਦੇ ਨਾਲ ਹੀ ਲਾਸ਼ ਦੇ ਕੋਲ ਇੱਕ ਬੈਗ ਮਿਲਿਆ, ਜਿਸ ਵਿੱਚ ਇੱਕ ਡਾਇਰੀ ਸੀ। ਡਾਇਰੀ ਵਿੱਚ ਪਰਿਵਾਰਕ ਮੈਂਬਰਾਂ ਦੇ ਫ਼ੋਨ ਨੰਬਰ ਸਨ। ਪੁਲਿਸ ਨੇ ਉਸ ਨੰਬਰ ’ਤੇ ਫੋਨ ਕਰਕੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ |