ਸਾਕਾ ਭੁਲੇਰ

1947 ਦੀ ਵੰਡ ਦਾ ਖੂਨੀ ਪੰਨਾ – ਸਾਕਾ ਭੁਲੇਰ (ਚੱਕ ਨੰਬਰ-119)

ਲਿਖਾਰੀ :-
ਇੰਦਰਜੀਤ ਸਿੰਘ ਹਰਪੁਰਾ,
ਬਟਾਲਾ (ਪੰਜਾਬ)
98155-77574

ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪ੍ਰਵੇਸ ਦੁਵਾਰ ਰਾਹੀਂ ਜਦੋਂ ਅਸੀਂ ਪਾਵਨ ਅਸਥਾਨ ਵਿੱਚ ਦਾਖਲ ਹੁੰਦੇ ਹਾਂ ਤਾਂ ਪੌੜੀਆਂ ਉਤਰਦੇ ਹੀ ਬਰਾਂਡੇ ਵਿੱਚ ਇੱਕ ਪੱਥਰ ਦੀ ਵੱਡੀ ਸਾਰੀ ਸਿੱਲ ਲੱਗੀ ਹੋਈ ਹੈ ਜਿਸ ਉੱਪਰ ’ਸਾਕਾ ਭੁਲੇਰ’ ਦੇ ਸ਼ਹੀਦਾਂ ਦੇ ਨਾਮ ਉਕਰੇ ਹੋਏ ਹਨ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਸ ਸਿੱਲ ਕੋਲੋਂ ਲੰਘਦੀ ਹੈ ਪਰ ਸ਼ਾਇਦ ਹੀ ਕਦੀ ਕਿਸੇ ਨੇ ਉਸ ਸਾਕੇ ਦੇ ਸ਼ਹੀਦਾਂ ਦੇ ਨਾਮ ਪੜੇ ਹੋਣ ਜਾਂ ਉਸ ਸਾਕੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੋਵੇ।

1947 ਦੀ ਵੰਡ ਦਾ ਖੂਨੀ ਪੰਨਾ

ਸਾਕਾ ਭੁਲੇਰ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰ ਦੇ ਚੱਕ ਨੰਬਰ 119 (ਪਿੰਡ ਭੁਲੇਰ) ਵਿਖੇ 31 ਅਗਸਤ 1947 ਨੂੰ ਵਾਪਰਿਆ ਇੱਕ ਅਜਿਹਾ ਖੂਨੀ ਸਾਕਾ ਸੀ ਜਿਸ ਵਿੱਚ ਹਜ਼ਾਰਾਂ ਦੀ ਮੁੱਤਸਬੀ ਮੁਸਲਮਾਨਾਂ ਦੀ ਭੀੜ ਦਾ ਸਿੱਖਾਂ ਨੇ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਸੀ ਅਤੇ ਇਸ ਦੌਰਾਨ 300 ਤੋਂ ਵੱਧ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਸਨ। ਆਪਣੀ ਇੱਜ਼ਤ-ਪੱਤ ਨੂੰ ਬਚਾਉਣ ਲਈ ਸਿੱਖ ਔਰਤਾਂ ਤੇ ਨੌਜਵਾਨ ਕੁੜੀਆਂ ਨੇ ਖੂਹਾਂ ਵਿੱਚ ਛਾਲਾਂ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਅਤੇ ਜਦੋਂ ਖੂਹ ਵੀ ਲਾਸ਼ਾਂ ਨਾਲ ਭਰ ਗਿਆ ਤਾਂ ਨੌਜਵਾਨ ਧੀਆਂ ਨੇ ਆਪ ਆਪਣੇ ਬਾਪ-ਭਰਾਵਾਂ ਕੋਲੋਂ ਆਪਣੀਆਂ ਧੌਣਾਂ ਲੁਹਾ ਕੇ ਸ਼ਹੀਦੀਆਂ ਪਾ ਲਈਆਂ। ਸਾਕਾ ਭੁਲੇਰ 1947 ਦੀ ਵੰਡ ਦਾ ਉਹ ਖੂਨੀ ਦੁਖਾਂਤ ਹੈ ਜਿਸ ਵਰਗਾ ਸਾਕਾ ਸ਼ਾਇਦ ਹੀ ਕਿਤੇ ਹੋਰ ਵਾਪਰਿਆ ਹੋਵੇ।

ਸਾਕਾ ਭੁਲੇਰ ਵਿੱਚੋਂ ਬਚ ਕੇ ਆਏ ਪਰਿਵਾਰ ਬਟਾਲਾ ਸ਼ਹਿਰ ਵਿਖੇ ਅਬਾਦ ਹਨ ਅਤੇ ਉਸ ਸਾਕੇ ਨੂੰ ਆਪਣੀ ਅੱਖੀਂ ਦੇਖਣ ਵਾਲੇ ਬਾਪੂ ਪ੍ਰਿਥੀਪਾਲ ਸਿੰਘ ਅੱਜ ਵੀ ਜਦੋਂ ਸਾਕੇ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਆਪ-ਮੁਹਾਰੇ ਨਿਕਲ ਤੁਰਦੇ ਹਨ। ਬਾਪੂ ਪ੍ਰਿਥੀਪਾਲ ਸਿੰਘ ਦੀ ਉਮਰ 1947 ਵਿੱਚ 13 ਸਾਲ ਦੀ ਸੀ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੀ ਮਾਂ ਮਹੰਤ ਕੌਰ ਨੇ ਆਪਣੀ ਇੱਜ਼ਤ ਬਚਾਉਣ ਖਾਤਰ ਖੂਹ ਵਿੱਚ ਛਾਲ ਮਾਰ ਦਿੱਤੀ ਸੀ। ਪ੍ਰਿਥੀਪਾਲ ਸਿੰਘ ਦੱਸਦੇ ਹਨ ਕਿ 300 ਦੇ ਕਰੀਬ ਸ਼ਹੀਦੀਆਂ ਵਿੱਚੋਂ 200 ਦੇ ਕਰੀਬ ਸ਼ਹੀਦੀਆਂ ਤਾਂ ਔਰਤਾਂ ਤੇ ਨੌਜਵਾਨ ਕੁੜੀਆਂ ਦੀਆਂ ਹੀ ਸਨ।

1947 ਦੀ ਵੰਡ ਦਾ ਖੂਨੀ ਪੰਨਾ

ਸਾਕਾ ਭੁਲੇਰ ਦੇ ਅੱਖੀਂ ਦੇਖੇ ਖੂਨੀ ਵਰਤਾਰੇ ਨੂੰ ਬਿਆਨ ਕਰਦਿਆਂ ਬਾਪੂ ਪ੍ਰਿਥੀਪਾਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਪਿੰਡ ਭੁਲੇਰ (ਚੱਕ ਨੰਬਰ-119) ਜ਼ਿਲ੍ਹਾ ਸ਼ੇਖੂਪੁਰਾ, ਸਾਂਗਲਾ ਹਿੱਲ ਦੇ ਨਜ਼ਦੀਕ ਸੀ। ਭੁਲੇਰ ਪਿੰਡ ਵਿੱਚ ਬਹੁ-ਗਿਣਤੀ ਸਿੱਖਾਂ ਦੀ ਸੀ ਅਤੇ ਸਾਰੇ ਹੀ ਸਿੱਖਾਂ ਦੀ ਬਹੁਤ ਜ਼ਮੀਨ ਸੀ ਅਤੇ ਇਲਾਕੇ ਵਿੱਚ ਸਿੱਖ ਸਰਦਾਰਾਂ ਦਾ ਨਾਮ ਸੀ। ਉਨ੍ਹਾਂ ਦੱਸਿਆ ਕਿ ਅਗਸਤ 1947 ਵਿੱਚ ਜਦੋਂ ਦੇਸ਼ ਦੀ ਵੰਡ ਦੀ ਚਰਚਾ ਪੂਰੇ ਜ਼ੋਰਾਂ ’ਤੇ ਸੀ ਤਾਂ ਮਾਸਟਰ ਤਾਰਾ ਸਿੰਘ ਉਨ੍ਹਾਂ ਦੇ ਪਿੰਡ ਆਏ ਅਤੇ ਉਨਾਂ ਨੂੰ ਕਿਹਾ ਕਿ ਸੀ ਉਹ ਆਪਣਾ ਪਿੰਡ ਨਾ ਛੱਡਣ ਅਤੇ ਨਾ ਹੀ ਅਸੀਂ ਨਨਕਾਣਾ ਸਾਹਿਬ ਆਪਣੇ ਹੱਥੋਂ ਜਾਣ ਦੇਣਾ ਹੈ।

14 ਅਗਸਤ 1947 ਨੂੰ ਪਾਕਿਸਤਾਨ ਨਾਮ ਦਾ ਨਵਾਂ ਦੇਸ਼ ਹੋਂਦ ਵਿੱਚ ਆ ਗਿਆ ਅਤੇ ਉਨ੍ਹਾਂ ਦਾ ਪਿੰਡ ਭੁਲੇਰ ਤੇ ਜ਼ਿਲ੍ਹਾ ਸ਼ੇਖੂਪੁਰ ਪਾਕਿਸਤਾਨ ਵਿੱਚ ਆ ਗਿਆ ਸੀ। ਪਿੰਡ ਭੁਲੇਰ ਦੇ ਸਿੱਖ ਇਹ ਸੋਚਦੇ ਰਹੇ ਕਿ ਹਕੂਮਤਾਂ ਹੀ ਬਦਲਦੀਆਂ ਹੁੰਦੀਆਂ ਹਨ ਕਦੀ ਲੋਕ ਵੀ ਆਪਣੇ ਘਰ ਛੱਡ ਕੇ ਕਿਤੇ ਚਲੇ ਜਾਂਦੇ ਹਨ। ਪਿੰਡ ਭੁਲੇਰ ਨੂੰ ਨਾ ਛੱਡਣ ਦਾ ਫੈਸਲਾ ਕਰਕੇ ਸਿੱਖ ਓਥੇ ਹੀ ਬੈਠੇ ਰਹੇ ਕਿ ਸ਼ਾਇਦ ਕੁਝ ਦਿਨਾਂ ਵਿੱਚ ਅਮਨ-ਅਮਾਨ ਹੋ ਜਾਵੇ। ਓਧਰ ਹਰ ਪਾਸੇ ਵੱਢ-ਫੱਟ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਸਨ ਪਰ ਪਿੰਡ ਭੁਲੇਰ ਦੇ ਸਿੱਖ ਵਾਹਿਗੁਰੂ ਦੀ ਓਟ ਲੈ ਕੇ ਆਪਣੇ ਪਿੰਡ ਬੈਠੇ ਰਹੇ। ਭੁਲੇਰ ਦੇ ਆਸੇ-ਪਾਸੇ ਸਾਰੇ ਪਿੰਡ ਮੁਸਲਿਮ ਵਸੋਂ ਦੇ ਸਨ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਭੁਲੇਰੀਏ ਅਜੇ ਗਏ ਨਹੀਂ ਹਨ। ਉਨ੍ਹਾਂ ਦੀ ਅੱਖ ਪਿੰਡ ਭੁਲੇਰ ਦੇ ਮਾਲ-ਅਸਬਾਬ ’ਤੇ ਸੀ। ਸ਼ੁਰੂ ਵਿੱਚ ਨਾਲ ਦੇ ਪਿੰਡਾਂ ਦੇ ਮੁਸਲਮਾਨਾਂ ਵੱਲੋਂ ਲੁੱਟ-ਮਾਰ ਦੀਆਂ ਛੇੜਖਾਨੀਆਂ ਕੀਤੀਆਂ ਗਈਆਂ ਪਰ ਸਿੱਖਾਂ ਨੇ ਸਫਲ ਨਾ ਹੋਣ ਦਿੱਤੀਆਂ।

ਸਾਰੇ ਇਲਾਕੇ ਵਿੱਚ ਇਹ ਪ੍ਰਚਾਰ ਹੋਣ ਲੱਗਾ ਕਿ ਸਿੱਖਾਂ ਨੇ ਸਾਡਾ ਚੜ੍ਹਦੇ ਪੰਜਾਬ ਵਿੱਚ ਬਹੁਤ ਨੁਕਸਾਨ ਕੀਤਾ ਹੈ ਅਤੇ ਇਥੇ ਪਿੰਡ ਭੁਲੇਰ ਵਿੱਚ ਸਿੱਖ ਸੁਰੱਖਿਅਤ ਕਿਉਂ ਬੈਠੇ ਹਨ…? ਆਖਰ 31 ਅਗਸਤ ਨੂੰ ਆਲੇ-ਦੁਆਲੇ ਦੇ ਪਿੰਡਾਂ ਦਾ ਹਜ਼ਾਰਾਂ ਦੀ ਗਿਣਤੀ ਦਾ ਹਜ਼ੂਮ ਢੋਲ ਵਜਾਉਂਦਾ ਪਿੰਡ ਭੁਲੇਰ ’ਤੇ ਚੜ੍ਹ ਆਇਆ। ਸਿੱਖਾਂ ਨੂੰ ਅਜਿਹੀ ਅਣਹੋਣੀ ਦਾ ਪਹਿਲਾਂ ਹੀ ਖਦਸਾ ਸੀ ਸੋ ਉਨ੍ਹਾਂ ਨੇ ਆਪਣੀਆਂ ਔਰਤਾਂ, ਲੜਕੀਆਂ ਅਤੇ ਬੱਚਿਆਂ ਨੂੰ ਇੱਕ ਘਰ ਵਿੱਚ ਇਕੱਠਿਆਂ ਕਰ ਲਿਆ ਅਤੇ ਆਪ ਪਿੰਡ ਦੇ ਸਾਰੇ ਪਾਸੇ ਮੋਰਚਾਬੰਦੀ ਕਰਕੇ ਬੈਠ ਗਏ। ਭੁਲੇਰ ਦੇ ਸਰਦਾਰਾਂ ਕੋਲ ਕੁਝ ਬੰਦੂਕਾਂ ਸਨ ਅਤੇ ਜਦੋਂ ਨੇੜੇ ਆਏ ਹਜ਼ੂਮ ਨੂੰ ਰੋਕਣ ਲਈ ਉਨ੍ਹਾਂ ਗੋਲੀ ਚਲਾਈ ਤਾਂ ਕੁਝ ਮੁਸਲਮਾਨ ਢੇਰ ਹੋ ਗਏ। ਹਮਲਾਵਰਾਂ ਕੋਲ ਵੀ ਬੰਦੂਕਾਂ ਸਨ ਸੋ ਉਨ੍ਹਾਂ ਨੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਸਿੱਖਾਂ ਕੋਲ ਹਥਿਆਰ ਤੇ ਗੋਲੀ ਸਿੱਕਾ ਸੀਮਤ ਸੀ ਸੋ ਉਹ ਬੜੇ ਸੰਜਮ ਨਾਲ ਗੋਲੀ ਚਲਾਉਂਦੇ ਤਾਂ ਜੋ ਵੱਧ ਤੋਂ ਵੱਧ ਸਮਾਂ ਦੁਸ਼ਮਣ ਅੱਗੇ ਅੜ੍ਹ ਸਕੀਏ ਅਤੇ ਸ਼ਾਇਦ ਓਦੋਂ ਤੱਕ ਕਿਸੇ ਪਾਸਿਓਂ ਕੋਈ ਮਦਦ ਆ ਜਾਵੇ। ਆਖਰ ਹਜ਼ੂਮ ਹੱਲੇ ਕਰ-ਕਰ ਅੱਗੇ ਵੱਧਣ ਲੱਗਾ ਅਤੇ ਹਜ਼ਾਰਾਂ ਦੀ ਭੀੜ ਅੱਗੇ 100 ਕੁ ਸਿੱਖ ਜਵਾਨਾਂ ਦੀ ਕੋਈ ਪੇਸ਼ ਨਾ ਚੱਲੀ। ਹੁਣ ਹੱਥੋ-ਹੱਥ ਦੀ ਲੜਾਈ ਵਿੱਚ ਵੀ ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਜਦੋਂ ਬੇਵਾਹੀ ਹੁੰਦੀ ਦੇਖੀ ਤਾਂ ਸਿੱਖ ਬੀਬੀਆਂ ਅਤੇ ਨੌਜਵਾਨ ਮੁਟਿਆਰਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। ਆਖਰ ਖੂਹ ਦਾ ਤਲ ਵੀ ਜਦੋਂ ਲਾਸ਼ਾਂ ਨਾਲ ਭਰ ਗਿਆ ਤਾਂ ਸਿੱਖ ਬੀਬੀਆਂ ਨੇ ਆਪਣੇ ਬਾਪ ਤੇ ਭਰਾਵਾਂ ਨੂੰ ਕਿਹਾ ਕਿ ਸਾਡੀ ਧੌਣ ਵੱਢ ਕੇ ਸਾਨੂੰ ਸ਼ਹੀਦ ਕਰ ਦੇਵੋ ਪਰ ਸਾਨੂੰ ਬੇਇਜ਼ਤ ਹੋਣ ਲਈ ਜ਼ਿੰਦਾ ਨਾ ਰਹਿਣ ਦੇਣਾ। ਪ੍ਰਿਥੀਪਾਲ ਸਿੰਘ ਦੱਸਦੇ ਹਨ ਕਿ ਜਿਸ ਘਰ ਵਿੱਚ ਔਰਤਾਂ ਤੇ ਬੱਚੇ ਇਕੱਠੇ ਹੋਏ ਸਨ ਓਥੇ ਬਹੁਤ ਸਾਰੀਆਂ ਸਿੱਖ ਬੀਬੀਆਂ ਨੇ ਬੜੀ ਬਹਾਦਰੀ ਨਾਲ ਖੁਦ ਆਪਣੀਆਂ ਧੌਣਾਂ ਕਲਮ ਕਰਵਾ ਲਈਆਂ, ਹਰ ਪਾਸੇ ਖੂਨ ਹੀ ਖੂਨ ਸੀ ਅਤੇ ਉਹ ਭਿਆਨਕ ਸਮਾਂ ਮੈਂ ਕਦੀ ਨਹੀਂ ਭੁੱਲ ਸਕਦਾ।

ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਅਖੀਰ ਧਾੜਵੀਆਂ ਦਾ ਹਜ਼ੂਮ ਹਾਵੀ ਹੋ ਗਿਆ ਅਤੇ ਉਨ੍ਹਾਂ ਪਿੰਡ ਦੇ ਘਰਾਂ ਵਿੱਚ ਵੜ ਕੇ ਲੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਅਖੀਰ ਅਗਲੇ ਦਿਨ ਸਿੱਖਾਂ ਦਾ ਇੱਕ ਜਥਾ ਭੁਲੇਰੀਆਂ ਦੀ ਮਦਦ ਲਈ ਪੁੱਜਾ ਅਤੇ ਜਦੋਂ ਸਿੱਖਾਂ ਨੇ ਜੈਕਾਰੇ ਗਜਾਏ ਤਾਂ ਸਭ ਲੁਟੇਰੇ ਮੁਸਲਮਾਨ ਓਥੋਂ ਭੱਜ ਗਏ। ਜਥੇ ਨੇ ਤੁਰੰਤ ਜ਼ਖਮੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਰ ਬਹੁਤ ਥੋੜੇ ਲੋਕ ਇਸ ਸਾਕੇ ਵਿੱਚ ਬਚੇ ਸਨ।

1947 ਦੀ ਵੰਡ ਦਾ ਖੂਨੀ ਪੰਨਾ

ਅਖੀਰ ਵਿੱਚ ਬਚ ਗਏ ਭੁਲੇਰ ਵਾਸੀਆਂ ਨੂੰ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਪਹੁੰਚਾਇਆ ਗਿਆ ਜਿਥੇ ਮਾਸਟਰ ਤਾਰਾ ਸਿੰਘ ਉਨ੍ਹਾਂ ਦਾ ਪਤਾ ਲੈਣ ਆਏ। ਮਾਸਟਰ ਤਾਰਾ ਸਿੰਘ ਨੇ ਹਿੰਦ ਹਕੂਮਤ ਨੂੰ ਕਿਹਾ ਕਿ ਭੁਲੇਰ ਵਾਸੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਸ ਲਈ ਇਨ੍ਹਾਂ ਦੇ ਮੁੜ-ਵਸੇਬੇ ਦਾ ਸਭ ਤੋਂ ਪਹਿਲਾਂ ਪ੍ਰਬੰਧ ਕੀਤਾ ਜਾਵੇ। ਆਖਰ ਹਕੂਮਤ ਨੇ ਉਜਾੜੇ ਦੇ ਮਾਰੇ ਭੁਲੇਰੀਆਂ ਨੂੰ ਬਟਾਲਾ ਸ਼ਹਿਰ ਅਤੇ ਇਸਦੇ ਨਾਲ ਲੱਗਦੇ ਪਿੰਡਾਂ ਵਿੱਚ ਮੁਸਲਮਾਨਾਂ ਦੀਆਂ ਜ਼ਮੀਨਾਂ ਅਲਾਟ ਕੀਤੀਆਂ।

ਭੁਲੇਰ ਵਾਸੀ ਅੱਜ ਬਟਾਲਾ ਵਿੱਚ ਚੰਗੀ ਜ਼ਿੰਦਗੀ ਬਸਰ ਕਰ ਰਹੇ ਹਨ ਪਰ ਉਹ ਕਦੀ ਵੀ 1947 ਦੇ ਸਾਕੇ ਨੂੰ ਭੁੱਲੇ ਨਹੀਂ। ਭੁਲੇਰੀਆਂ ਨੇ ਬਟਾਲਾ ਸ਼ਹਿਰ ਵਿੱਚ ਹਾਥੀ ਗੇਟ ਦੇ ਅੰਦਰਵਾਰ ਸਾਕਾ ਭੁਲੇਰ ਦੇ ਸ਼ਹੀਦਾਂ ਦੀ ਯਾਦਗਾਰ ਬਣਾਈ ਹੈ ਜਿਥੇ ਹਰ ਸਾਲ 31 ਅਗਸਤ ਨੂੰ ਸ਼ਹੀਦਾਂ ਦੀ ਯਾਦ ਮਨਾਉਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਪ੍ਰਵੇਸ਼ ਦੁਆਰ ਦੇ ਅੰਦਰ ਵੀ ਸਾਕਾ ਭੁਲੇਰ ਦੇ ਕੁਝ ਸ਼ਹੀਦਾਂ ਦੇ ਨਾਮ ਉਕਰੇ ਹੋਏ ਹਨ।

ਬਾਪੂ ਪ੍ਰਿਥੀਪਾਲ ਸਿੰਘ ਦਾ ਕਹਿਣਾ ਹੈ ਕਿ ਸੰਨ 1947 ਵਿੱਚ ਅਸੀਂ ਤਾਂ ਆਪਣਾ ਸਭ ਕੁਝ ਹੀ ਗਵਾ ਲਿਆ। ਆਪਣੇ ਜੀਅ, ਧਨ ਦੌਲਤ, ਜ਼ਮੀਨਾਂ। ਇਸ ਸਾਕੇ ਵਿੱਚ ਤਾਂ ਕਈ ਪੂਰੇ ਦੇ ਪੂਰੇ ਪਰਿਵਾਰ ਹੀ ਖਤਮ ਹੋ ਗਏ।

ਬਾਪੂ ਪ੍ਰਿਥੀਪਾਲ ਸਿੰਘ ਕਹਿੰਦੇ ਹਨ ਕਿ ਅੱਜ ਦੀ ਪੀੜ੍ਹੀ ਨੂੰ 1947 ਦੇ ਜ਼ਖਮ ਦਾ ਨਹੀਂ ਪਤਾ ਪਰ ਉਹ ਕਿਨ੍ਹਾਂ ਭਿਆਨਕ ਸਮਾਂ ਸੀ ਉਹ ਅਸੀਂ ਜਾਂ ਸਾਡੇ ਵਰਗੇ ਹੋਰ ਲੋਕ ਜਿਨ੍ਹਾਂ ਨੇ ਆਪਣੇ ਜੀਅ ਇਸ ਰੌਲੇ ਵਿੱਚ ਗੁਆਏ ਸਨ ਉਨ੍ਹਾਂ ਤੋਂ ਵੱਧ ਕੋਈ ਨਹੀਂ ਜਾਣਦਾ। ਇਨ੍ਹਾਂ ਕਹਿੰਦੇ-ਕਹਿੰਦੇ ਬਾਪੂ ਪ੍ਰਿਥੀਪਾਲ ਸਿੰਘ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰਦੇ ਹਨ ਅਤੇ ਜ਼ਬਾਨ ਖਾਮੋਸ਼ ਹੋ ਜਾਂਦੀ ਹੈ। ਉਸ ਦੁੱਖ ਭਰੀ ਦਾਸਤਾਨ ਨੂੰ ਬਿਾਅਨ ਕਰਨ ਲਈ ਸ਼ਾਇਦ ਸ਼ਬਦ ਹੈ ਵੀ ਨਹੀਂ।
ਇਸ ਸ਼ਹੀਦੀ ਸਾਕੇ ਬਾਰੇ ਜੇਕਰ ਹੋਰ ਵਧੇਰੇ ਜਾਣਕਾਰੀ ਲੈਣੀ ਹੋਵੇ ਤਾਂ ਡਾ. ਵਿਰਸਾ ਸਿੰਘ ਬਾਜਵਾ ਜਿਨ੍ਹਾਂ ਨੇ ਭੁਲੇਰ ਦੀ ਉਹ ਲੜਾਈ ਲੜੀ ਸੀ ਉਨ੍ਹਾਂ ਦੀ ਕਿਤਾਬ ‘ਸ਼ਹੀਦੀ ਸਾਕਾ ਭੁਲੇਰ’ ਪੜੀ ਜਾ ਸਕਦੀ ਹੈ।

 

Scroll to Top