July 7, 2024 2:01 pm
Harpreet-Singh

ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਆਇਆ ਵੱਡਾ ਬਿਆਨ

ਚੰਡੀਗੜ੍ਹ 19 ਨਵੰਬਰ 2021 : ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਲਗਪਗ ਇਕ ਸਾਲ ਤੋਂ ਦਿੱਲੀ ਬਾਡਰਾਂ ‘ਤੇ ਕੇਂਦਰ ਸਰਕਾਰ ਪਾਸੋਂ ਖੇਤੀ ਨੂੰ ਰੱਦ ਕਰਨ ਦੀ ਮੰਗ ਦੀ ਅੜੀ ‘ਤੇ ਬੈਠੇ ਹੋਏ ਹਨ। ਆਖ਼ਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਹਨ। ਜਿਸ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨੇ ਪ੍ਰਧਾਨ ਮੰਤਰੀ ਦੇ ਦੇਰ ਆਏ ਫ਼ੈਸਲੇ ਨੂੰ ਬਹੁਤ ਵਧੀਆ ਠਹਿਰਾਇਆ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਇਸ ਨਾਲ ਜਿੱਥੇ ਕਿਸਾਨਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਅੱਜ ਕਿਸਾਨਾਂ ਦੇ ਚਿਹਰੇ ਖ਼ੁਸ਼ੀ ਨਾਲ ਖੇਡਣਗੇ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਹਿਲਾਂ ਕੇਂਦਰ ਸਰਕਾਰ ਨੇ ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਮੁੜ ਖੋਲ੍ਹ ਕੇ ਸਿੱਖਾਂ ਨੂੰ ਇਕ ਵੱਡੀ ਖ਼ੁਸ਼ੀ ਦਿੱਤੀ ਸੀ। ਅੱਜ ਪ੍ਰਕਾਸ਼ ਪੁਰਬ ਮੌਕੇ ਕਿਸਾਨਾਂ ਨੂੰ ਵੱਡੀ ਖੁਸ਼ੀ ਤੇ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਕੁਝ ਅਜਿਹੀਆਂ ਤਾਕਤਾਂ ਵੀ ਸਨ ਜੋ ਕਿ ਇਸ ਖੇਤੀ ਕਾਨੂੰਨਾਂ ਦਾ ਸਹਾਰਾ ਲੈ ਕੇ ਸਿੱਖ ਬਨਾਮ ਭਾਰਤ ਸਰਕਾਰ ਬਣਾਉਣ ਦੀ ਕੋਸ਼ਿਸ਼ਾਂ ਕਰ ਰਹੀਆਂ ਸਨ ਜਿਸ ਦੇ ਨੁਕਸਾਨ ਵੀ ਆਉਣ ਵਾਲੇ ਸਮੇਂ ਵਿਚ ਕੌਮ ਨੂੰ ਵੱਡੇ ਪੱਧਰ ਤੇ ਝੱਲਣੇ ਪੈ ਸਕਦੇ ਹਨ ਜਥੇਦਾਰ ਸਾਹਿਬ ਨੇ ਭਾਰਤ ਸਰਕਾਰ ਦਾ ਅਤੇ ਪੂਰੀ ਕੈਬਨਿਟ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਕਿਉਂਕਿ ੳੁਨ੍ਹਾਂ ਕਿਹਾ ਕਿ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਭਾਰਤ ਦੇ ਵਿਚ ਸਿੱਖ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰਨ ਅਤੇ ਹਿੰਦੂ ਸਿੱਖ ਦਾ ਰਿਸ਼ਤਾ ਮਜ਼ਬੂਤ ਸੀ ਅਤੇ ਮਜ਼ਬੂਤ ਰਹੇਗਾ,
ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਦਾ ਸਹਾਰਾ ਲੈ ਕੇ ਭਾਈਚਾਰਕ ਵਿਰੋਧ ਅਤੇ ਵੰਡੀਆਂ ਪਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੇਕਿਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਬਹੁਤ ਵਧੀਆ ਫੈਸਲਾ ਹੈ,