July 3, 2024 2:59 am
Ashwani Sharma

ਭਗਵੰਤ ਮਾਨ ਸਰਕਾਰ ਨੇ ਸਿਰਫ਼ ਐਲਾਨ ਕੀਤੇ, ਅਸਲ ‘ਚ ਕੰਮ ਕੋਈ ਨਹੀਂ ਹੋਇਆ : ਅਸ਼ਵਨੀ ਸ਼ਰਮਾ

ਚੰਡੀਗੜ੍ਹ 28 ਅਪ੍ਰੈਲ 2022: ਪੰਜਾਬ ਭਾਜਪਾ(BJP)  ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਸੀ ਐੱਮ ਭਗਵੰਤ ਮਾਨ ‘ਤੇ ਤੰਜ ਕਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਸਿਰਫ਼ ਐਲਾਨ ਕੀਤੇ ਹਨ ਪਰ ਅਸਲ ਪੰਜਾਬ ‘ਚ ਕੰਮ ਕੋਈ ਨਹੀਂ ਹੋਇਆ ਹੈ। ਇਸਦੇ ਨਾਲ ਹੀ ਅਸ਼ਵਨੀ ਸ਼ਰਮਾ ਨੇ 300 ਯੂਨਿਟ ਬਿਜਲੀ ਨੂੰ ਲੈ ਕੇ ਕਿਹਾ ਕਿ ਸਸਤੀ ਤਾਂ ਛੱਡੋ ਪੰਜਾਬ ਦੇ ਲੋਕਾਂ ਨੂੰ ਬਿਜਲੀ ਹੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ 300 ਯੂਨਿਟ ਬਿਜਲੀ ਦੇ ਨਾਂ ‘ਤੇ ਸੂਬੇ ਦੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਪਹਿਲਾਂ 300 ਯੂਨਿਟ ਬਿਜਲੀ(300 units of electricity) ਦਾ ਐਲਾਨ ਕੀਤਾ ਗਿਆ ਤੇ ਹੁਣ ਇਸ ‘ਤੇ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਪੰਜਾਬ ਦੀ ਸਥਿਤੀ ਨੂੰ ਲੈ ਕੇ ਵੀ ਸਰਕਾਰ ‘ਤੇ ਸਵਾਲ ਚੁੱਕੇ ਤੇ ਕਿਹਾ ਕਿ ਪੰਜਾਬ ਨੂੰ ਜੋ ਧਮਕੀ ਭਰੇ ਪੱਤਰ ਮਿਲ ਰਹੇ ਹਨ, ਉਹ ਸਰਕਾਰ ਦੀ ਨਾਕਾਮੀ ਹੀ ਹੈ। ਪਿਛਲੇ ਦਿਨਾਂ ‘ਚ ਕਿੰਨੀਆਂ ਵਾਰਦਾਤਾਂ ਵਾਪਰੀਆਂ ਹਨ ਪਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸਦੇ ਨਾਲ ਹੀ ਸੁਨੀਲ ਜਾਖੜ ਨਾਲ ਚੱਲ ਰਹੀ ਕਾਂਗਰਸ ਦੀ ਲੜਾਈ ਨੂੰ ਲੈ ਕੇ ਵੀ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਬੋਲੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਉਸ ਨੇ ਕੀ ਕਰਨਾ ਹੈ ਕਿਉਂਕਿ ਉਹ ਆਪਣੇ ਪਰਿਵਾਰ ਦੇ ਦੁੱਖਾਂ ਤੋਂ ਹੀ ਬਾਹਰ ਨਹੀਂ ਆ ਪਾ ਰਹੀ।

ਅਸ਼ਵਨੀ ਸ਼ਰਮਾ (Ashwani Sharma) ਨੇ ਕਿਹਾ ਕਿ ਪੰਜਾਬ ਭਾਜਪਾ ਨੇ ਸਾਰੀਆਂ ਥਾਵਾਂ ‘ਤੇ ਇਕੱਲਿਆਂ ਚੋਣਾਂ ਲੜਨ ਦੀ ਤਿਆਰੀ ਕਰ ਲਈ ਹੈ ਪਰ ਅੰਤਿਮ ਫੈਸਲਾ ਸਾਡੀ ਕੇਂਦਰ ਦੀ ਲੀਡਰਸ਼ਿਪ ਨੇ ਲੈਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਵੀ 117 ਸਥਾਨ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੇ ਸੀ, ਪਰ ਜਦੋਂ ਸਾਡੀ ਕੇਂਦਰ ਦੀ ਲੀਡਰਸ਼ਿਪ ਨੇ ਗਠਜੋੜ ਨਾਲ ਚੋਣ ਲੜਨ ਬਾਰੇ ਸੋਚਿਆ ਤਾਂ ਅਸੀਂ ਗਠਜੋੜ ਨਾਲ ਚੋਣ ਲੜੇ।