Site icon TheUnmute.com

ਪੰਜਾਬ ਦੀਆਂ ਮੰਡੀਆਂ ‘ਚ ਹੁਣ ਤੱਕ ਕਰੀਬ 40 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ

ਮੰਡੀਆਂ

ਐਸ.ਏ.ਐਸ. ਨਗਰ/ ਖਰੜ, 19 ਅਪ੍ਰੈਲ 2023: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀਆਂ ਫਸਲਾਂ ਦਾ ਇੱਕ ਇੱਕ ਦਾਣਾ ਚੁੱਕਣ, ਫਸਲਾਂ ਸਬੰਧੀ ਕਿਸਾਨਾਂ ਨੂੰ ਹੋਣ ਵਾਲੀ ਆਦਾਇਗੀ ਨੂੰ ਸਮੇਂ ਸਿਰ ਕਰਨ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਇਸੇ ਮੰਤਵ ਦੀ ਪੂਰਤੀ ਤਹਿਤ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ,ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਜ਼ਿਲ੍ਹਾ ਐਸ.ਏ.ਐਸ ਨਗਰ ਦੀ ਦਾਣਾ ਮੰਡੀ ਖਰੜ ਦਾ ਦੌਰਾ ਕੀਤਾ ਗਿਆ ਤੇ ਕਣਕ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਇਸ ਮੌਕੇ ਉਹਨਾਂ ਦਸਿਆ ਕਿ ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਰੀਬ 40 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਤੇ 34 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਖ਼ਰੀਦ ਕੀਤੀ ਗਈ ਹੈ। ਕਰੀਬ 1.5 ਲੱਖ ਕਿਸਾਨਾਂ ਦੇ ਖਾਤਿਆਂ ਵਿਚ ਕਰੀਬ 4500 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਕੈਬਨਿਟ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਿਸਾਨ ਇਸ ਖੇਤੀ ਪ੍ਰਧਾਨ ਸੂਬੇ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਫਸਲ ਦਾ ਇੱਕ-ਇੱਕ ਦਾਣਾ ਪਾਰਦਰਸ਼ਤਾ ਅਤੇ ਸੁਚਾਰੂ ਢੰਗ ਨਾਲ ਖਰੀਦ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤਾ ਦਿੱਤੀਆਂ ਗਈਆਂ ਹਨ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ । ਉਨ੍ਹਾਂ ਦੱਸਿਆ ਕਿ ਸਰਕਾਰ ਕੋਲ ਇਸ ਸਮੇਂ ਬਾਰਦਾਨਾ ਪੂਰੀ ਮਾਤਰਾ ਵਿੱਚ ਉਪਲਬੱਧ ਹੈ । ਮੰਡੀਆਂ ਵਿੱਚ ਪਹੁੰਚ ਰਹੀ ਕਣਕ ਦੀ ਚੁਕਾਈ ਵੀ ਲਗਾਤਾਰ ਕਰਵਾਈ ਜਾ ਰਹੀ ਹੈ ਅਤੇ ਇਸ ਸਬੰਧੀ ਬਣਦੀ ਅਦਾਇਗੀ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆ ਵਿੱਚ ਮਿੱਥੇ ਸਮੇਂ ਵਿੱਚ ਕੀਤੀ ਜਾ ਰਹੀ ਹੈ ।

ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਕਣਕ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਫਸਲ ਦੀ ਖਰੀਦ ਸਮੇਂ ਸਿਰ ਕੀਤੀ ਜਾ ਸਕੇ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਹੱਦਾਂ ‘ਤੇ ਪੁੱਖਤਾ ਇੰਤਜ਼ਾਮ ਕੀਤੇ ਗਏ ਹਨ ਕਿ ਪੰਜਾਬ ਵਿੱਚ ਕੇਵਲ ਪੰਜਾਬ ਦੇ ਕਿਸਾਨਾਂ ਦੀ ਹੀ ਕਣਕ ਦੀ ਖ਼ਰੀਦ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਲਗਦੇ ਕਿਸੇ ਵੀ ਰਾਜ ਦੀ ਕਣਕ ਪੰਜਾਬ ਵਿੱਚ ਲਿਆਉਣ ‘ਤੇ ਸਖਤੀ ਨਾਲ ਰੋਕ ਲਗਾਈ ਹੈ । ਇਸ ਮੌਕੇ ਉਨ੍ਹਾਂ ਨੇ ਮੌਜੂਦ ਕਿਸਾਨਾਂ ਅਤੇ ਮੰਡੀ ਵਿਚਲੀ ਲੇਬਰ ਨਾਲ ਵੀ ਗੱਲਬਾਤ ਕੀਤੀ ਅਤੇ ਹਰ ਪੱਖੋ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਖਰੜ ਰਵਿੰਦਰ ਸਿੰਘ, ਮੰਡੀਆਂ ਦੇ ਆੜ੍ਹਤੀਏ ਅਤੇ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

Exit mobile version