July 7, 2024 1:36 pm
Alliance of Sikh Organization

ਗੁਰਦਸਪੁਰ ‘ਚ ਪਾਸਟਰ ਵਲੋਂ ਲਗਾਏ ਕਰੂਸੇਡ ਦੇ ਹੋਰਡਿੰਗ ਬੋਰਡਾਂ ਸੰਬੰਧੀ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਨੇ ਏਡੀਜੀਪੀ ਨੂੰ ਸੌਂਪਿਆ ਮੰਗ ਪੱਤਰ

ਗੁਰਦਸਪੁਰ 01 ਨਵੰਬਰ 2022: ਇੱਕ ਈਸਾਈ ਪਾਦਰੀ ਵੱਲੋਂ ਗੁਰਦਾਸਪੁਰ ਸ਼ਹਿਰ ਵਿਚ ਕਰੁਸੇਡ ਦਾ ਸਿਰਲੇਖ ਦੇ ਕੇ ਹੋਰਡਿੰਗ ਬੋਰਡ ਲਗਾਏ ਗਏ ਹਨ | ਇਸ ਮਸਲੇ ‘ਤੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਨੇ ਏਡੀਜੀਪੀ (ਲਾਵ ਐਂਡ ਆਰਡਰ) ਅਰਪਿਤ ਸ਼ੁਕਲਾ ਨੂੰ ਇਸ ਪ੍ਰੋਗਰਾਮ ਨੂੰ ਰੱਦ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਹੈ |

ਇਸ ਮੰਗ ਪੱਤਰ ਵਿੱਚ ਲਿਖਿਆ ਕਿ ਅਖੌਤੀ ਪਾਸਟਰ ਸੁਖਪਾਲ ਰਾਣਾ ਵੱਲੋਂ ਗੁਰਦਾਸਪੁਰ ਵਿਚ ਧਰਮਯੁੱਧ ਦਾ ਐਲਾਨ ਕਰਦੇ ਹੋਰਡਿੰਗ ਬੋਰਡ ਸਾਰੇ ਸ਼ਹਿਰ ਵਿਚ ਲਗਾਕੇ ਪੰਜਾਬ ਦੀ ਅਮਨ ਸ਼ਾਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ | ਉਨ੍ਹਾਂ ਨੇ ਇਸ ਸੰਬੰਧੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ |

ਪੱਤਰ ਵਿੱਚ ਲਿਖਿਆ ਕਿ ਅਸੀਂ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਕੱਲ ਗੁਰਦਾਸਪੁਰ ਵਿਖੇ ਇਕ ਅਖੌਤੀ ਪਾਸਟਰ ਵੱਲੋਂ ਗੁਰਦਾਸਪੁਰ ਕਰੂਸੇਡ ਦਾ ਸਿਰਲੇਖ ਦੇ ਕੇ ਬਹੁਤ ਸਾਰੇ ਹੋਰਡਿੰਗ ਬੋਰਡ ਸ਼ਹਿਰ ਵਿਚ ਲਗਵਾਏ ਗਏ ਹਨ, ਕਰੂਸੇਡ ਦਾ ਅਰਥ ਹੈ ਧਰਮਯੁੱਧ (ਧਰਮਾਂ ਦਰਮਿਆਨ ਯੁੱਧ) ਇਸਾਈਅਤ ਦੇ ਕਰੂਸੇਡ ਦਾ ਇਤਿਹਾਸ ਹੈ ਕਿ ਇਸ ਯੁੱਧ ਦੌਰਾਨ ਵੱਖ ਵੱਖ ਸਮਿਆਂ ਤੇ ਕਰੋੜਾਂ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ ਅਖੌਤੀ ਪਾਸਟਰ ਸੁਖਪਾਲ ਰਾਣਾ ਗੁਰਦਾਸਪੁਰ ਵਿਚ ਸ਼ਰੇਆਮ ਕਰੂਸੇਡ ਦੇ ਬੋਰਡ ਲਾਕੇ ਅਤੇ ਸੁਖਪਾਲ ਰਾਣਾ ਮਨੀਸ਼ਟਰੀਜ ਦੇ ਔਫੀਸ਼ਲ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਆਪਣੇ ਚੇਲਿਆਂ ਨੂੰ ਕਤਲੋਗਾਰਤ ਲਈ ਭਟਕਾ ਰਿਹਾ ਹੈ |

Crusade

ਪਿਛਲੇ ਦਿਨੀਂ ਪੰਜਾਬ ਵਿਚ ਇਸਾਈਅਤ ਦੇ ਨਾਮ ਤੇ ਨਕਲੀ ਪਾਸਟਰਾਂ ਵਲੋਂ ਲੋਕਾਂ ਨੂੰ ਝੂਠ ਅੰਧਵਿਸ਼ਵਾਸ ਦੇ ਭਰਮ ਜਾਲ ਵਿਚ ਫਸਾਕੇ ਜਬਰੀ ਧਰਮ ਤਬਦੀਲੀ ਲਈ ਮਜਬੂਰ ਕੀਤਾ ਜਾ ਰਿਹਾ ਸੀ, ਪੰਜਾਬ ਵਿਚ ਇਸ ਪਖੰਡ ਨੂੰ ਰੋਕਣ ਦੌਰਾਨ ਝੜਪ ਵੀ ਹੋਈ, ਇਸ ਮਸਲੇ ਤੇ ਬਹੁਤ ਹੀ ਦੂਰ ਅੰਦੇਸ਼ੀ ਦਾ ਫੈਸਲਾ ਲੈਂਦਿਆਂ ਮਾਣਯੋਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਸਾਈ ਮੁੱਖਧਾਰਾ ਦੇ ਆਗੂਆਂ ਜਿੰਨ੍ਹਾਂ ਵਿਚ ਰੋਮਨ ਕੈਥੋਲਿਕ, ਸੀ ਐੱਨ ਆਈ ਅਤੇ ਐਂਜਲੀਕਨਸ ਦੇ ਬਿਸ਼ਪ ਸ਼ਮਿਲ ਸਨ ਨਾਲ ਲਮੀਆਂ ਬੈਠਕਾਂ ਕੀਤੀਆਂ ਤਾਂਕਿ ਜਬਰੀ ਧਰਮ ਤਬਦੀਲੀ ਨੂੰ ਰੋਕਿਆ ਜਾਵੇ ਅਤੇ ਨਕਲੀ ਪਾਸਟਰਾਂ ਵਲੋਂ ਇਸਾਈਅਤ ਦੇ ਨਾਮ ਤੇ ਲੋਕਾਂ ਨਾਲ ਕੀਤੀ ਜ ਰਹੀ ਠੱਗੀ ਨੂੰ ਰੋਕਿਆ ਜਾਵੇ |

ਇਹਨਾਂ ਬੈਠਕਾਂ ਵਿਚ ਪਾਸਟਰਾਂ ਵਲੋਂ ਕਰਸੇਡ ਦੇ ਐਲਾਨਾਂ ਤੇ ਵੀ ਚਰਚਾ ਕੀਤੀ ਗਈ ਸੀ ਤੇ ਇਸਾਈ ਆਗੂਆਂ ਨੇ ਕਰੂਸੇਡ ਦੇ ਐਲਾਨਾਂ ਦੀ ਨਿਖੇਧੀ ਕੀਤੀ ਸੀ, ਅਤੇ ਨੈਸ਼ਨਲ ਮੀਡੀਆ ਰਾਹੀਂ ਵਾਰ ਵਾਰ ਕਿਹਾ ਕਿ ਇਹ ਪਾਸਟਰ ਇਸਾਈਅਤ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਇਹਨਾਂ ਦਾ ਇਸਾਈ ਧਰਮ ਨਾਲ ਕੋਈ ਨਾਤਾ ਨਹੀਂ ਇਹ ਸਭ ਨਿਜੀ ਦੁਕਾਨਦਾਰੀ ਚਲਾ ਰਹੇ ਹਨ। ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਬੈਠਕਾਂ ਦਾ ਸਿਲਸਿਲਾ ਜਾਰੀ ਹੈ ਪਰ ਪੰਜਾਬ ਵਿਚ ਸ਼ਾਂਤੀ ਦੇ ਯਤਨਾਂ ਨੂੰ ਲਾਂਬੂ ਲਾਉਣ ਲਈ ਸੁਖਪਾਲ ਰਾਣਾ ਨੇ ਬੋਰਡ ਲਾਕੇ ਸਿੱਖ ਕੌਮ ਨੂੰ ਵੰਗਾਰਨ ਦਾ ਕੋਝਾ ਯਤਨ ਕੀਤਾ ਹੈ |

ਅਸੀਂ ਤੁਹਾਡੇ ਤੋਂ ਮੰਗ ਕਰਦੇ ਹਾਂ ਕਿ ਤੁਰੰਤ ਕਾਰਵਾਈ ਕਰਦਿਆਂ ਸੁਖਪਾਲ ਰਾਣਾ ਤੇ 153 ਏ ਦਾ ਪਰਚਾ ਦੇ ਕੇ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ, ਇਸ ਦਾ 4 ਨਵੰਬਰ ਨੂੰ ਗੁਰਦਾਸਪੁਰ ਵਿਚ ਹੋ ਰਿਹਾ ਪ੍ਰੋਗਰਾਮ ਬੰਦ ਕਰਵਾਇਆ ਜਾਵੇ, ਸਾਰੇ ਬੋਰਡ ਤੁਰੰਤ ਉਤਰਵਾਏ ਜਾਣ, ਅਤੇ ਇਸ ਦੇ ਸਾਰੇ ਸੋਸ਼ਲ ਮੀਡੀਆ ਪੇਜ ਬੈਨ ਕੀਤੇ ਜਾਣ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾਂ ਦੀ ਜਿੰਮੇਵਾਰੀ ਪੁਲਿਸ ਪ੍ਰਸਾਸ਼ਨ ਦੀ ਹੋਵੇਗੀ।

ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ