Site icon TheUnmute.com

ਅਕਾਲੀ ਦਲ ਨੇ ਮੌਜੂਦਾ ਫੜੋ ਫੜੀ ਦੇ ਦੌਰ ’ਚ ‌ਗ੍ਰਿਫਤਾਰ ਹੋਏ ਸਿੱਖ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਸੂਬਾ ਪੱਧਰੀ ਕਮੇਟੀ ਬਣਾਈ

Sikh Youths

ਚੰਡੀਗੜ੍ਹ, 21 ਮਾਰਚ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪਾਰਟੀ ਪੰਜਾਬ ਵਿਚ ਗੈਰ ਸੰਵਿਧਾਨਕ ਤੌਰ ’ਤੇ ਚੱਲ ਰਹੇ ਫੜੋ ਫੜੀ ਦੇ ਦੌਰ ਵਿਚ ਗ੍ਰਿਫਤਾਰ ਹੋਏ ਸਾਰੇ ਸਿੱਖ ਨੌਜਵਾਨਾਂ (Sikh Youths) ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗੀ ਤੇ ਯਕੀਨੀ ਬਣਾਏਗੀ ਕਿ ਇਹਨਾਂ ਦੇ ਹੱਕਾਂ ਨੂੰ ਆਪ ਸਰਕਾਰ ਕੁਚਲ ਨਾ ਸਕੇ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਿਰਫ ਸ਼ੱਕ ਦੇ ਆਧਾਰ ’ਤੇ ਅੰਨ੍ਹੇਵਾਹ ਵੱਡੀ ਗਿਣਤੀ ਨੌਜਵਾਨਾਂ (Sikh Youths) ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੀ ਅਗਵਾਈ ਹੇਠ ਪਾਰਟੀ ਨੇ ਸੂਬਾ ਪੱਧਰੀ ਕਮੇਟੀ ਗਠਿਤ ਕੀਤੀ ਹੈ ਜੋ ਜ਼ਿਲ੍ਹਿਆਂ ਵਿਚ ਪਾਰਟੀ ਆਗੂਆਂ ਨਾਲ ਤਾਲਮੇਲ ਕਰ ਕੇ ਜਿਥੇ ਲੋੜ ਹੋਵੇ ਉਥੇ ਫੌਰੀ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗੀ।

ਸੁਖਬੀਰ ਸਿੰਘ ਬਾਦਲ ਨੇ ਪਾਰਟੀ ਆਗੂਆਂ ਨੂੰ ਵੀ ਆਖਿਆ ਕਿ ਕਿ ਸਿੱਖ ਨੌਜਵਾਨਾਂ ਨਾਲ ਵਧੀਕੀ ਹੋਣ ਦੇ ਮਾਮਲੇ ਪਾਰਟੀ ਦੇ ਅਤੇ ਨਾਲ ਹੀ ਸੂਬਾ ਪੱਧਰੀ ਕਮੇਟੀ ਦੇ ਧਿਆਨ ਵਿਚ ਲਿਆਂਦੇ ਜਾਣ ਤਾਂ ਜੋ ਉਹਨਾਂ ਨੂੰ ਇਨਸਾਫ ਪ੍ਰਦਾਨ ਕੀਤਾ ਜਾ ਸਕੇ।

ਇਸ ਦੌਰਾਨ ਸਰਦਾਰ ਕਲੇਰ ਨੇ ਦੰਸਿਆ ਕਿ ਸੂਬਾ ਕਮੇਟੀ ਵਿਚ ਸੀਨੀਅਰ ਐਡਵੋਕੇਟ ਸ਼ਾਮਲ ਕੀਤੇ ਗਏ ਹਨ ਜੋ ਚੰਡੀਗੜ੍ਹ ਵਿਚ ਹੋਣਗੇ ਤੇ ਜ਼ਿਲ੍ਹਾ ਪੱਧਰ ’ਤੇ ਵਕੀਲਾਂ ਨਾਲ ਤਾਲਮੇਲ ਕਰ ਕੇ ਜਿਥੇ ਲੋੜ ਹੋਵੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਗੇ। ਇਸ ਕਮੇਟੀ ਵਿਚ ਹਰੀਸ਼ ਰਾਏ ਢਾਂਡਾ, ਅਮਰਦੀਪ ਸਿੰਘ ਧਾਰਨੀ, ਭਗਵੰਤ ਸਿੰਘ ਸਿਆਲਕਾ, ਗੁਰਮੀਤ ਸਿੰਘ ਮਾਨ, ਜਸਦੇਵ ਸਿੰਘ, ਪਰਮਪ੍ਰੀਤ ਸਿੰਘ ਪੋਲ, ਜਸਪ੍ਰੀਤ ਸਿੰਘ ਬਰਾੜ, ਪਰਮਪ੍ਰੀਤ ਸਿੰਘ ਬਾਜਵਾ, ਜੂਬਿਨ ਛੁਰਾ, ਰਵਿੰਦਰ ਸਿੰਘ ਸਾਂਪਲਾ, ਗੁਰਵੀਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਧਾਲੀਵਾਲ ਤੇ ਪਰਮਬੀਰ ਸਿੰਘ ਸੰਨੀ ਨੂੰ ਸ਼ਾਮਲ ਕੀਤਾ ਗਿਆ ਹੈ।

Exit mobile version