Site icon TheUnmute.com

ਵਿਜੀਲੈਂਸ ਬਿਊਰੋ ਵੱਲੋਂ 15 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਬਿਜਲੀ ਬੋਰਡ ਦਾ ਵਧੀਕ ਸੁਪਰਡੈਂਟ ਇੰਜੀਨੀਅਰ ਕਾਬੂ

Khanauri

ਚੰਡੀਗੜ੍ਹ, 09 ਫਰਵਰੀ 2023: ਵਿਜੀਲੈਂਸ ਬਿਊਰੋ (Vigilance Bureau) ਪੰਜਾਬ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਜਲੰਧਰ ਵਿਖੇ ਤਾਇਨਾਤ ਪੀ.ਐਸ.ਪੀ.ਸੀ.ਐਲ. ਦੇ ਵਧੀਕ ਸੁਪਰਡੈਂਟ ਇੰਜਨੀਅਰ (ਏ.ਐਸ.ਈ.) ਸੁਖਵਿੰਦਰ ਸਿੰਘ ਮੁਲਤਾਨੀ ਨੂੰ 15 ਲੱਖ ਰੁਪਏ ਰਿਸ਼ਵਤ ਲੈਣ ਅਤੇ ਹੋਰ 20 ਲੱਖ ਰੁਪਏ ਦੀ ਮੰਗ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਉਕਤ ਅਧਿਕਾਰੀ, ਜੋ ਪਹਿਲਾਂ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਟੈਕਨੀਕਲ ਆਡਿਟ, ਪੀ.ਐਸ.ਪੀ.ਸੀ.ਐਲ. ਜਲੰਧਰ ਵਿਖੇ ਤਾਇਨਾਤ ਸੀ, ਵਿਰੁੱਧ ਪੀ.ਐਸ.ਪੀ.ਸੀ.ਐਲ. ਵੇਰਕਾ, ਅੰਮ੍ਰਿਤਸਰ ਦੇ ਸਟੋਰ ਕੀਪਰ ਸ਼ਰਨਜੀਤ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਆਡੀਓ-ਵੀਡੀਓ ਫਾਰਮੈਟ ਵਿੱਚ ਸਬੂਤਾਂ ਸਮੇਤ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ।

ਵੇਰਵੇ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਅਧਿਕਾਰੀ ਨੇ ਐਕਸੀਅਨ ਵਜੋਂ ਤਾਇਨਾਤੀ ਸਮੇਂ ਸਟੋਰ ਦੇ ਸਮਾਨ ਦੀ ਨਿਰੀਖਣ ਰਿਪੋਰਟ ਉਸ ਦੇ ਪੱਖ ਵਿੱਚ ਭੇਜਣ ਲਈ 15 ਲੱਖ ਰੁਪਏ ਰਿਸ਼ਵਤ ਵਜੋਂ ਲੈ ਲਏ ਸਨ ਅਤੇ ਹੁਣ ਸ਼ਿਕਾਇਤਕਰਤਾ ਨੂੰ ਨੌਕਰੀ ‘ਤੇ ਬਹਾਲ ਕਰਾਉਣ ਸਬੰਧੀ ਸਿਫ਼ਾਰਸ਼ ਕਰਨ ਬਦਲੇ 20 ਲੱਖ ਰੁਪਏ ਹੋਰ ਮੰਗ ਰਿਹਾ ਹੈ ਕਿਉਂਕਿ ਸ਼ਿਕਾਇਤਕਰਤਾ ਨੂੰ ਸਟਾਕ ਵੈਰੀਫਿਕੇਸ਼ਨ ਰਿਪੋਰਟ ਦੇ ਆਧਾਰ ‘ਤੇ ਮੁਅੱਤਲ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਪੂਰੀ ਗੱਲਬਾਤ ਨੂੰ ਸਬੂਤ ਵਜੋਂ ਰਿਕਾਰਡ ਕਰ ਲਿਆ ਜਿਸ ਨੂੰ ਜਾਂਚ ਲਈ ਵਿਜੀਲੈਂਸ ਬਿਊਰੋ ਦੇ ਹਵਾਲੇ ਕੀਤਾ ਗਿਆ।

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ (Vigilance Bureau) ਨੇ ਆਨਲਾਈਨ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਉਪਰੋਕਤ ਪੀਐਸਪੀਸੀਐਲ ਅਧਿਕਾਰੀ ਨੂੰ ਸ਼ਿਕਾਇਤਕਰਤਾ ਤੋਂ ਤਿੰਨ ਕਿਸ਼ਤਾਂ ਵਿੱਚ 15 ਲੱਖ ਰੁਪਏ ਰਿਸ਼ਵਤ ਲੈਣ ਅਤੇ 20 ਲੱਖ ਰੁਪਏ ਹੋਰ ਮੰਗਣ ਦਾ ਦੋਸ਼ੀ ਪਾਏ ਜਾਣ ਉਪਰੰਤ ਮੁਕੱਦਮਾ ਦਰਜ ਕੀਤਾ। ਇਸ ਸਬੰਧੀ ਦੋਸ਼ੀ ਅਧਿਕਾਰੀ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Exit mobile version