Site icon TheUnmute.com

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਅਨਾਜ ਮੰਡੀ ਦਾ ਦੌਰਾ, ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ

Abohar Grain market

ਅਬੋਹਰ, 19 ਅਪ੍ਰੈਲ 2024: ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਕੇਸ਼ ਕੁਮਾਰ ਪੋਪਲੀ ਪੀਸੀਐਸ ਨੇ ਅੱਜ ਸਥਾਨਕ ਮੰਡੀ (Abohar Grain market) ਵਿਚ ਕਣਕ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨਾਲ ਬੈਠਕ ਕੀਤੀ।ਇਸ ਮੌਕੇ ਉਨ੍ਹਾਂ ਨੇ ਖਰੀਦ ਏਂਜਸੀਆਂ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਹਦਾਇਤ ਕੀਤੀ ਕਿ ਮੰਡੀ ਵਿਚ ਆਉਣ ਵਾਲੀ ਫਸਲ ਦੀ ਨਾਲੋ ਨਾਲ ਖਰੀਦ ਕੀਤੀ ਜਾਵੇ ਅਤੇ ਖਰੀਦੀ ਗਈ ਫਸਲ ਦੀ ਤੇਜੀ ਨਾਲ ਮੰਡੀਆਂ ਵਿਚੋਂ ਲਿਫਟਿੰਗ ਕੀਤੀ ਜਾਵੇ ਤਾਂ ਜੋ ਹੋਰ ਫਸਲ ਲਿਆਉਣ ਲਈ ਮੰਡੀਆਂ ਵਿਚ ਥਾਂ ਦੀ ਕੋਈ ਘਾਟ ਪੈਦਾ ਨਾ ਹੋਵੇ।

ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਸਰਕਾਰੀ ਹਦਾਇਤਾਂ ਅਨੁਸਾਰ ਨਾਲੋਂ ਨਾਲ ਕੀਤੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਬੀਤੀ ਸ਼ਾਮ ਤੱਕ 32032 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ ਅਤੇ 20511 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਪਨਗ੍ਰੇਨ ਨੇ 4456 ਮਿਟ੍ਰਿਕ ਟਨ, ਮਾਰਕਫੈਡ ਨੇ 8241 ਮਿਟ੍ਰਿਕ ਟਨ, ਪਨਸਪ ਨੇ 3729 ਮਿਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਉਸ ਕਾਰਪੋਰੇਸ਼ਨ ਨੇ 2505 ਮਿਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 1589 ਮਿਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਖਰੀਦ ਦੇ 48 ਘੰਟੇ ਅੰਦਰ ਅਦਾਇਗੀ ਦੇ ਸਰਕਾਰੀ ਨਿਯਮ ਅਨੁਸਾਰ 48 ਘੰਟੇ ਪਹਿਲਾਂ ਤੱਕ ਖਰੀਦੀ ਕਣਕ ਦੇ ਅਨੁਸਾਰ 8.8 ਕਰੋੜ ਦੀ ਅਦਾਇਗੀ ਕੀਤੀ ਜਾਣੀ ਬਣਦੀ ਹੈ ਪਰ ਹੁਣ ਤੱਕ 14.17 ਕਰੋੜ ਰੁਪਏ ਦੇ ਐਡਵਾਈਸ ਜਨਰੇਟ ਹੋ ਚੁੱਕੇ ਹਨ। ਉਨ੍ਹਾਂ ਨੇ ਖਰੀਦ ਏਂਜਸੀਆਂ ਨੂੰ ਤਾਕੀਦ ਕੀਤੀ ਕਿ ਖਰੀਦ, ਅਦਾਇਗੀ ਅਤੇ ਲਿਫਟਿੰਗ ਦੇ ਕੰਮ ਵਿਚ ਹੋਰ ਤੇਜੀ ਲਿਆਂਦੀ ਜਾਵੇ। ਉਨ੍ਹਾਂ ਨੇ ਮਾਰਕਿਟ ਕਮੇਟੀਆਂ ਨੂੰ ਵੀ ਹਦਾਇਤ ਕੀਤੀ ਕਿ ਪੇਂਡੂ ਖਰੀਦ ਕੇਂਦਰਾਂ ਤੇ ਛਾਂ, ਪਾਣੀ ਆਦਿ ਦੇ ਪ੍ਰਬੰਧ ਅਤੇ ਸਾਰੀਆਂ ਮੰਡੀਆਂ ਵਿਚ ਸਫਾਈ ਆਦਿ ਦੇ ਇੰਤਜਾਮ ਲਗਾਤਾਰ ਜਾਰੀ ਰਹਿਣ।

ਉਨ੍ਹਾਂ ਨੇ ਮਾਰਕਿਟ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜਰ ਮੰਡੀ (Abohar Grain market) ਵਿਚ ਫਸਲ ਨੂੰ ਢੱਕਣ ਲਈ ਤਰਪਾਲਾਂ ਆਦਿ ਦੀ ਲੋੜ ਅਨੁਸਾਰ ਪ੍ਰਬੰਧ ਯਕੀਨੀ ਬਣਾਇਆ ਜਾਵੇ।ਉਨ੍ਹਾਂ ਨੇ ਕਿਹਾ ਕਿ ਯਕੀਨੀ ਬਣਾਇਆ ਜਾਵੇ ਕਿ ਮੰਡੀ ਵਿਚ ਆਉਣ ਵਾਲੇ ਕਿਸਾਨਾਂ, ਆੜਤੀਆਂ ਜਾਂ ਮੰਡੀ ਵਿਚ ਕੰਮ ਕਰਨ ਵਾਲੇ ਮਜਦੂਰ ਭਰਾਵਾਂ ਨੁੰ ਕੋਈ ਵੀ ਦਿੱਕਤ ਮੰਡੀਕਰਨ ਦੇ ਇਸ ਸੀਜਨ ਵਿਚ ਨਾ ਆਵੇ।

ਇਸ ਮੌਕੇ ਡੀਐਫਐਸਸੀ ਹਿਮਾਂਸੂ ਕੁੱਕੜ, ਡੀਐਮ ਮਾਰਕਫੈਡ ਵਿਪਨ ਕੁਮਾਰ, ਡੀਐਮ ਪਨਸਪ ਰਮਨ ਗੋਇਲ ਏਐਫਐਸਓ ਵਿਕਾਸ ਬੱਤਰਾ, ਸਕੱਤਰ ਮਾਰਕਿਟ ਕਮੇਟੀ ਬਲਜਿੰਦਰ ਸਿੰਘ ਅਬੋਹਰ ਵੀ ਹਾਜਰ ਸਨ।

Exit mobile version