ਚੰਡੀਗੜ੍ਹ, 28 ਜੂਨ 2023: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ (Sidhu Moosewala) ਕੇਸ ਦੇ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਾਨਸਾ ਅਦਾਲਤ ਵਿੱਚ ਹੋਣ ਵਾਲੀ ਇਸ ਸੁਣਵਾਈ ਦੌਰਾਨ ਅਦਾਲਤ ਨੇ ਮੁਲਜ਼ਮਾਂ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਕੁਝ ਮੁਲਜ਼ਮਾਂ ਨੂੰ ਵਿਅਕਤੀਗਤ ਤੌਰ ‘ਤੇ ਅਦਾਲਤ ‘ਚ ਪੇਸ਼ ਕੀਤਾ ਜਾ ਸਕਦਾ ਹੈ, ਜਦਕਿ ਕੁਝ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ।
ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ 395 ਦਿਨ ਹੋ ਗਏ ਹਨ। ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਅੱਜ ਇਸ ਮਾਮਲੇ ਦੀ 28ਵੀਂ ਸੁਣਵਾਈ ਕਰਨਗੇ। ਇਸ ਮਾਮਲੇ ‘ਚ 27 ਸੁਣਵਾਈਆਂ ਹੋ ਚੁੱਕੀਆਂ ਹਨ ਪਰ ਅੱਜ ਤੱਕ ਦੋਸ਼ੀਆਂ ‘ਤੇ ਚਾਰਜ ਫ੍ਰੇਮ ਨਹੀਂ ਹੋ ਸਕਿਆ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੀ ਇੱਕ ਪੋਸਟ ਪਾ ਕੇ ਸਵਾਲ ਕੀਤਾ ਹੈ ਕਿ ਕੀ ਸਾਰੇ ਮੁਲਜ਼ਮ 28ਵੀਂ ਸੁਣਵਾਈ ਵਿੱਚ ਅਦਾਲਤ ਵਿੱਚ ਪੇਸ਼ ਹੋ ਸਕਣਗੇ ਜਾਂ ਨਹੀਂ।
ਮੂਸੇਵਾਲਾ (Sidhu Moosewala) ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਚਾਰਜਸ਼ੀਟ ਦਾਇਰ ਕੀਤੇ ਨੂੰ 9 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਅਦਾਲਤ ਵੱਲੋਂ ਹਾਲੇ ਤੱਕ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਨਹੀਂ ਕੀਤੇ ਗਏ।
ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਲਈ ਤਿਆਰ SIT ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ 30 ਤੋਂ ਵੱਧ ਜਣਿਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ।
ਪਰ ਇਨ੍ਹਾਂ ਵਿੱਚੋਂ 2 ਮਨਦੀਪ ਸਿੰਘ ਅਤੇ ਮਨਮੋਹਨ ਸਿੰਘ ਤਰਨ ਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜੇਲ੍ਹ ਵਿੱਚ ਹੋਈ ਝੜੱਪ ਵਿੱਚ ਮਾਰੇ ਗਏ ਸਨ।
ਲਾਰੈਂਸ ਨੂੰ ਦਿੱਲੀ ਤਿਹਾੜ ਜੇਲ੍ਹ ਵਿੱਚ ਕਤਲ ਦੀ ਇਨਪੁਟ ਤੋਂ ਬਾਅਦ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਸੀ। NIA ਨੇ ਫਿਰੌਤੀ ਦੇ ਮਾਮਲੇ ‘ਚ ਲਾਰੈਂਸ ਨੂੰ ਰਿਮਾਂਡ ‘ਤੇ ਲਿਆ ਸੀ। ਹੁਣ ਪੰਜਾਬ ਦੇ ਸਾਰੇ ਕੇਸ ਖਤਮ ਹੋਣ ਤੋਂ ਬਾਅਦ ਹੀ ਲਾਰੈਂਸ ਪੰਜਾਬ ਤੋਂ ਬਾਹਰ ਜਾ ਸਕੇਗਾ।