ਅੰਮ੍ਰਿਤਸਰ 15 ਨਵੰਬਰ 2002 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 102 ਸਾਲਾ ਸਥਾਪਨਾ ਦਿਵਸ ਇਥੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਇਕ ਸਦੀ ਦੇ ਸਫਰ ਦੌਰਾਨ ਕੀਤੇ ਗਏ ਕੌਮੀ ਕਾਰਜਾਂ ਦੀ ਸ਼ਲਾਘਾ ਕੀਤੀ।
ਸਥਾਪਨਾ ਦਿਵਸ ਸਬੰਧੀ ਕੀਤੇ ਗਏ ਇਸ ਸਮਾਗਮ ’ਚ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਕੌਮ ਨੇ ਸ਼ੁਰੂ ਤੋਂ ਹੀ ਸੰਘਰਸ਼ਾਂ ਦਾ ਸਫਰ ਤੈਅ ਕੀਤਾ ਹੈ ਜਿਸ ਤਹਿਤ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਦਿੱਤੀਆਂ ਕੁਰਬਾਨੀਆਂ ਵੱਡਾ ਮਹੱਤਵ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕਾਇਮੀ ਸਮੇਂ ਚੱਲੀ ਲਹਿਰ ਨੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਦਾ ਵੀ ਮੁੱਢ ਬੰਨ੍ਹਿਆ ਸੀ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਦੇਸ਼ ਨੂੰ ਉੱਚਾ ਚੁੱਕਣ ਵਿਚ ਕੋਈ ਕਸਰ ਨਹੀਂ ਛੱਡੀ ਪਰ ਦੁੱਖ ਦੀ ਗੱਲ ਹੈ ਕਿ ਅੱਜ ਇਸ ਸੰਸਥਾ ਨੂੰ ਖੰਡਤ ਕਰਨ ਲਈ ਸਰਕਾਰੀ ਚਾਲਾਂ ਚੱਲੀਆਂ ਜਾ ਰਹੀਆਂ ਹਨ। ਭਾਈ ਗਰੇਵਾਲ ਨੇ ਕਿਹਾ ਕਿ ਸ਼ਾਇਦ ਇਸ ਦਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਹਰ ਖੇਤਰ ਵਿਚ ਮੋਹਰੀ ਹੋ ਕੇ ਕੀਤੇ ਜਾਂਦੇ ਕਾਰਜ ਹਨ, ਜਿਨ੍ਹਾਂ ਤੋਂ ਸਰਕਾਰਾਂ ਵਿਚ ਘਬਰਾਹਟ ਹੈ।
ਉਨ੍ਹਾਂ ਆਖਿਆ ਕਿ ਭਾਵੇਂ ਕਈ ਚੁਣੌਤੀਆਂ ਸਿੱਖ ਸੰਸਥਾ ਨੂੰ ਪੰਥ ਵਿਰੋਧੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਇਹ ਆਪਣੇ ਇਤਿਹਾਸ ਅਤੇ ਰਵਾਇਤਾਂ ਅਨੁਸਾਰ ਅੱਗੇ ਵੱਧ ਰਹੀ ਹੈ ਅਤੇ ਭਵਿੱਖ ਵਿਚ ਵੀ ਆਪਣੇ ਜ਼ੁੰਮੇ ਲੱਗੀ ਸੇਵਾ ਸ਼ਾਨ ਨਾਲ ਨਿਭਾਉਂਦੀ ਰਹੇਗੀ। ਸਮਾਗਮ ਦੌਰਾਨ ਭਾਈ ਗੁਰਭੇਜ ਸਿੰਘ ਦੇ ਢਾਡੀ ਜਥੇ ਨੇ ਵੀ ਜੋਸ਼ੀਲੀਆਂ ਵਾਰਾਂ ਦੁਆਰਾ ਹਾਜ਼ਰੀ ਭਰੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਸ. ਨਿਰਵੈਲ ਸਿੰਘ, ਸ. ਲਖਬੀਰ ਸਿੰਘ, ਸ. ਪਰਮਜੀਤ ਸਿੰਘ, ਮੈਨੇਜਰ ਸ. ਸੁਖਰਾਜ ਸਿੰਘ, ਸੁਪਰਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਆਦਿ ਹਾਜ਼ਰ ਸਨ।
ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਦੀ ਸੰਗਤ ਨੂੰ ਦਿੱਤੀ ਵਧਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਦੀ ਸਿੱਖ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਾਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਇਸ ਸਿੱਖ ਸੰਸਥਾ ਦਾ ਇਕ ਸਦੀ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ। ਸਿੱਖ ਪੰਥ ਦੀ ਇਸ ਸਿਰਮੌਰ ਸੰਸਥਾ ਨੇ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਦੇ ਨਾਲ-ਨਾਲ ਧਰਮ ਪ੍ਰਚਾਰ, ਸਿੱਖਿਆ, ਸਿਹਤ, ਸਿੱਖ ਮਸਲਿਆਂ, ਖੇਡਾਂ ਅਤੇ ਲੋਕ ਭਲਾਈ ਦੇ ਖੇਤਰ ਵਿਚ ਵੀ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਦੀ ਇਸ ਨੁਮਾਇੰਦਾ ਸੰਸਥਾ ਨੂੰ ਤੋੜਨ ਦੇ ਯਤਨ ਹੋ ਰਹੇ ਹਨ। ਸਰਕਾਰਾਂ ਦੀ ਪੂਰੀ ਤਾਕਤ ਲੱਗੀ ਹੋਈ ਹੈ ਕਿ ਸਿੱਖਾਂ ਅੰਦਰ ਆਪਸੀ ਫੁੱਟ ਪਾ ਕੇ ਸਿੱਖ ਸ਼ਕਤੀ ਨੂੰ ਕਮਜ਼ੋਰ ਕੀਤਾ ਜਾਵੇ, ਪਰ ਸਿੱਖ ਕੌਮ ਇਨ੍ਹਾਂ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਸ਼ਾਨਾਮੱਤੇ ਇਤਿਹਾਸ, ਪ੍ਰੰਪਰਾਵਾਂ ਅਤੇ ਰਵਾਇਤਾਂ ਦੀ ਰੌਸ਼ਨੀ ਵਿਚ ਸਿੱਖ ਪੰਥ ਦੀ ਬੇਹਤਰੀ ਲਈ ਕਾਰਜਸ਼ੀਲ ਰਹੀ ਹੈ ਅਤੇ ਭਵਿੱਖ ਵਿਚ ਰਹੇਗੀ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਬਾਬਾ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਅਹਿਮ ਨਾਇਕ ਸ਼ਹੀਦ ਬਾਬਾ ਦੀਪ ਸਿੰਘ ਜੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਦਿੱਤੀ ਸ਼ਹਾਦਤ ਸੰਗਤਾਂ ਲਈ ਪ੍ਰੇਰਨਾ ਸਰੋਤ ਹੈ, ਜਿਸ ਤੋਂ ਸੇਧ ਪ੍ਰਾਪਤ ਕਰਕੇ ਧਰਮ ਅਸਥਾਨਾਂ ਅਤੇ ਸੰਸਥਾਵਾਂ ਦੀ ਪਹਿਰੇਦਾਰੀ ਲਈ ਸੰਕਲਪ ਕਰਨਾ ਚਾਹੀਦਾ ਹੈ।