ਚੰਡੀਗੜ੍ਹ 18 ਜੂਨ 2022: ਬਲੋਚਿਸਤਾਨ (Balochistan) ਸੂਬੇ ਦੇ ਹਰਨਈ ਜ਼ਿਲੇ ਵਿਚ ਅਣਪਛਾਤੇ ਅੱਤਵਾਦੀਆਂ ਨੇ ਮਜ਼ਦੂਰਾਂ ਦੇ ਕੈਂਪ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਤਿੰਨ ਦਿਨ ਪਹਿਲਾਂ ਕੁਟਾ ਦੇ ਹੰਨਾ ਉਰਾਕ ਇਲਾਕੇ ਵਿੱਚ ਹਥਿਆਰਬੰਦ ਵਿਅਕਤੀਆਂ ਨੇ ਇੱਕ ਨਿੱਜੀ ਕੋਲਾ ਕੰਪਨੀ ਦੇ ਦੋ ਇੰਜਨੀਅਰਾਂ ਸਮੇਤ ਚਾਰ ਮੁਲਾਜ਼ਮਾਂ ਨੂੰ ਅਗਵਾ ਕਰ ਲਿਆ ਸੀ।
ਇਸ ਦੌਰਾਨ ਹਮਲਾਵਰਾਂ ਨੇ ਕੋਲੇ ਦੀ ਖਾਨ ‘ਤੇ ਹਮਲਾ ਕੀਤਾ, ਜਿੱਥੇ ਜ਼ਿਆਦਾਤਰ ਮਜ਼ਦੂਰ ਪੰਜਾਬ ਅਤੇ ਖੈਬਰ ਪਖਤੂਨਖਵਾ ਸੂਬੇ ਦੇ ਸਨ। ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ ਦੇ ਅਧਿਕਾਰੀਆਂ ਅਤੇ ਸਿਬੀ ਡਿਵੀਜ਼ਨ ਦੇ ਕਮਿਸ਼ਨਰ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਮਜ਼ਦੂਰਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਤਿੰਨ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਮਲਾਵਰਾਂ ਨੇ ਕੈਂਪ ਨੂੰ ਅੱਗ ਲਾ ਦਿੱਤੀ ਅਤੇ ਕਈ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ। ਮਜ਼ਦੂਰ ਇੱਕ ਸਰਕਾਰੀ ਉਸਾਰੀ ਪ੍ਰਾਜੈਕਟ ਵਿੱਚ ਕੰਮ ਕਰ ਰਹੇ ਸਨ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ।