ਚੰਡੀਗੜ੍ਹ, 28 ਨਵੰਬਰ 2024: ਸਰਦ ਰੁੱਤ ਇਜਲਾਸ ਦੌਰਾਨ ਅੱਜ ਯਾਨੀ ਵੀਰਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ‘ਚ ਕਈਂ ਅਹਿਮ ਮੁੱਦਿਆਂ ‘ਤੇ ਹੰਗਾਮਾ ਹੋਇਆ, ਜਿਸਦੇ ਚੱਲਦੇ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ | ਇਸ ਦੌਰਾਨ ਵਕਫ਼ ਸੋਧ ਬਿੱਲ (Waqf Amendment Bill) ‘ਤੇ ਬਣੀ ਸਾਂਝੀ ਸੰਸਦੀ ਕਮੇਟੀ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ।
ਇਸ ਸੰਬੰਧੀ ਲੋਕ ਸਭਾ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਨਜ਼ੂਰੀ ਤੋਂ ਬਾਅਦ ਜੇਪੀਸੀ ਦਾ ਕਾਰਜਕਾਲ ਬਜਟ ਸੈਸ਼ਨ ਦੇ ਆਖਰੀ ਦਿਨ ਤੱਕ ਰਹੇਗਾ। ਜੇਪੀਸੀ ਨੇ ਵਕਫ਼ ਬਿੱਲ ‘ਤੇ ਆਪਣੀ ਰਿਪੋਰਟ ਸੰਸਦ ਦੇ ਸਰਦ ਰੁੱਤ ਇਜਲਾਸ ‘ਚ ਪੇਸ਼ ਕਰਨੀ ਸੀ ਪਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੰਗ ‘ਤੇ ਇਸ ਦਾ ਕਾਰਜਕਾਲ ਬਜਟ ਸੈਸ਼ਨ ਦੇ ਆਖਰੀ ਦਿਨ ਤੱਕ ਵਧਾ ਦਿੱਤਾ ਗਿਆ ਹੈ।
ਸਰਦ ਰੁੱਤ ਇਜਲਾਸ ਦੌਰਾਨ ਅੱਜ ਵੀ ਹੰਗਾਮੇ ਦੀ ਭੇਂਟ ਚੜ੍ਹ ਗਈ | ਜਿਸ ਕਾਰਨ ਵੀਰਵਾਰ ਨੂੰ ਸੰਸਦ ‘ਚ ਕੋਈ ਕੰਮਕਾਜ ਨਹੀਂ ਹੋ ਸਕਿਆ ਅਤੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।
ਇਸ ਦੌਰਾਨ ਵਿਰੋਧੀ ਧਿਰ ਨੇ ਗੌਤਮ ਅਡਾਨੀ ‘ਤੇ ਲੱਗੇ ਦੋਸ਼, ਉੱਤਰ ਪ੍ਰਦੇਸ਼ ਦੇ ਸੰਭਲ ‘ਚ ਹੰਗਾਮਾ, ਮਣੀਪੁਰ ਹਿੰਸਾ, ਬੇਰੁਜ਼ਗਾਰੀ ਅਤੇ ਮਹਿੰਗਾਈ ਸਮੇਤ ਕਈ ਮੁੱਦਿਆਂ ‘ਤੇ ਚਰਚਾ ਦੀ ਮੰਗ ਨੂੰ ਲੈ ਕੇ ਸਦਨ ‘ਚ ਹੰਗਾਮਾ ਕੀਤਾ |
ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਹੋਰ ਉੱਚ ਆਗੂਆਂ ਅਤੇ ਅਧਿਕਾਰੀ ਬੰਗਲਾਦੇਸ਼ ਦੀ ਸਥਿਤੀ ‘ਤੇ ਅੱਜ ਸੰਸਦ ਭਵਨ ‘ਚ ਬੈਠਕ ਕਰ ਰਹੇ ਹਨ। ਬੰਗਲਾਦੇਸ਼ ‘ਚ ਇਸਕਾਨ ਦੇ ਮੁਖੀ ਚਿਨਮੋਏ ਕ੍ਰਿਸ਼ਨ ਦਾਸ ਦੀ ਗ੍ਰਿਫ਼ਤਾਰੀ ਅਤੇ ਘੱਟ ਗਿਣਤੀ ਹਿੰਦੂਆਂ ਖ਼ਿਲਾਫ਼ ਹਿੰਸਾ ਕਾਰਨ ਦੇਸ਼ ਦੇ ਲੋਕਾਂ ‘ਚ ਭਾਰੀ ਰੋਸ ਅਤੇ ਗੁੱਸਾ ਹੈ।