July 8, 2024 9:08 pm
ਸ਼ਿਵਮੋਗਾ

ਬਜਰੰਗ ਦਲ ਦੇ ਵਰਕਰ ਦੀ ਹੱਤਿਆ ਤੋਂ ਬਾਅਦ ਸ਼ਿਵਮੋਗਾ ‘ਚ ਮਾਹੌਲ ਤਣਾਅਪੂਰਨ

ਚੰਡੀਗੜ੍ਹ 21 ਫਰਵਰੀ 2022: ਸ਼ਿਵਮੋਗਾ ‘ਚ ਬਜਰੰਗ ਦਲ ਦੇ 23 ਸਾਲਾ ਵਰਕਰ ਦੀ ਹੱਤਿਆ ਤੋਂ ਬਾਅਦ ਹੰਗਾਮਾ ਮਚ ਗਿਆ ਹੈ। ਇਸ ਦੌਰਾਨ ਸ਼ਿਵਮੋਗਾ ਦੇ ਕੁਝ ਇਲਾਕਿਆਂ ‘ਚ ਭਾਰੀ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਤੋਂ ਬਾਅਦ ਦੋ ਧੜਿਆਂ ਵਿਚਾਲੇ ਪਥਰਾਅ ਅਤੇ ਵਾਹਨਾਂ ਨੂੰ ਸਾੜਨ ਦੀਆਂ ਕੁਝ ਘਟਨਾਵਾਂ ਵਾਪਰੀਆਂ ਹਨ। ਸਥਿਤੀ ਨੂੰ ਕਾਬੂ ਕਰਨ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਕਰਨਾਟਕ ਦੇ ਗ੍ਰਹਿ ਮੰਤਰੀ ਅਰਗਾ ਗਿਆਨੇਂਦਰ ਨੇ ਕਿਹਾ ਹੈ ਕਿ ਇਸ ਮਾਮਲੇ ‘ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਤੋਂ ਜਾਣਕਾਰੀ ਅਨੁਸਾਰ ਇਸ ਕਤਲ ‘ਚ 5 ਲੋਕ ਸ਼ਾਮਲ ਹਨ।

ਇਸ ਦੌਰਾਨ ਦੋ ਗੁੱਟਾਂ ਵੱਲੋਂ ਪਥਰਾਅ ‘ਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਹਵਾਈ ਫਾਇਰ ਵੀ ਕੀਤੇ। ਇਸ ਤੋਂ ਇਲਾਵਾ ਬਜਰੰਗ ਦਲ ਦੇ 23 ਸਾਲਾ ਵਰਕਰ ਹਰਸ਼ਾ ਦੀ ਮ੍ਰਿਤਕ ਦੇਹ ਲਈ ਜਲੂਸ ਵੀ ਕੱਢਿਆ ਗਿਆ। ਮੰਤਰੀ ਈਸ਼ਵਰੱਪਾ ਅਤੇ ਸੰਸਦ ਮੈਂਬਰ ਰਾਘਵੇਂਦਰ ਨੇ ਇਹ ਜਲੂਸ ਕੱਢਿਆ। ਕਰਨਾਟਕ ਦੇ ਡੀਜੀਪੀ ਨੇ ਕਿਹਾ ਕਿ ਸ਼ਿਵਮੋਗਾ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 212 ਪੁਲਸ ਸਬ-ਇੰਸਪੈਕਟਰ ਅਤੇ ਇੰਸਪੈਕਟਰ ਤਾਇਨਾਤ ਕੀਤੇ ਗਏ ਹਨ।

ਸ਼ਹਿਰ ‘ਚ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਭਾਰਤੀ ਕਾਲੋਨੀ ਦੀ ਰਵੀ ਵਰਮਾ ਗਲੀ ‘ਚ ਐਤਵਾਰ ਰਾਤ ਨੂੰ ਅਣਪਛਾਤੇ ਹਮਲਾਵਰਾਂ ਨੇ ਹਰਸ਼ਾ ਨਾਂ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਬੈਂਗਲੁਰੂ ਤੋਂ ਲਗਭਗ 250 ਕਿਲੋਮੀਟਰ ਦੂਰ ਇਸ ਸ਼ਹਿਰ ਨੇ ਹਾਲ ਹੀ ‘ਚ ਹਿਜਾਬ ਪਹਿਨਣ ਨੂੰ ਲੈ ਕੇ ਕੁਝ ਕਾਲਜਾਂ ‘ਚ ਵਿਵਾਦ ਛੇੜ ਦਿੱਤਾ ਸੀ। ਐਤਵਾਰ ਨੂੰ ਹੋਈ ਹੱਤਿਆ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਘਟਨਾ ਤੋਂ ਬਾਅਦ ਮ੍ਰਿਤਕ ਦੇ ਸਮਰਥਕ ਸੜਕਾਂ ‘ਤੇ ਆ ਗਏ ਅਤੇ ਆਪਣਾ ਗੁੱਸਾ ਜ਼ਾਹਰ ਕੀਤਾ। ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਸਿਧਾਰਮਈਆ ਵਲੋਂ ਗ੍ਰਹਿ ਮੰਤਰੀ ਅਰਗਾ ਗਿਆਨੇਂਦਰ ਦੇ ਅਸਤੀਫੇ ਦੀ ਮੰਗ ਕਰਨ ਦੇ ਸਵਾਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸਿੱਧਰਮਈਆ ਇਸ ‘ਚ ਵੀ ਰਾਜਨੀਤੀ ਕਰ ਰਹੇ ਹਨ ਅਤੇ ਤਰਕਹੀਣ ਗੱਲਾਂ ਕਰ ਰਹੇ ਹਨ। ਇਸ ਦੌਰਾਨ ਕਰਨਾਟਕ ਦੇ ਗ੍ਰਹਿ ਮੰਤਰੀ ਅਰਗਾ ਗਿਆਨੇਂਦਰ ਸ਼ਿਵਮੋਗਾ ਪਹੁੰਚੇ ਅਤੇ ਮਜ਼ਦੂਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਦੂਜੇ ਪਾਸੇ, ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਅਤੇ ਸ਼ਿਵਮੋਗਾ ਦੇ ਵਿਧਾਇਕ ਕੇਐਸ ਈਸ਼ਵਰੱਪਾ ਨੇ ਜ਼ਿਲ੍ਹੇ ਦੇ ‘ਮੁਸਲਿਮ ਗੁੰਡਿਆਂ’ ‘ਤੇ ਕਤਲ ਦਾ ਦੋਸ਼ ਲਗਾਇਆ ਹੈ। ਈਸ਼ਵਰੱਪਾ ਨੇ ਦੋਸ਼ ਲਗਾਇਆ, ‘ਸਾਡੇ ਵਰਕਰ ਨੂੰ ਮੁਸਲਮਾਨ ਗੁੰਡਿਆਂ ਨੇ ਮਾਰ ਦਿੱਤਾ ਹੈ, ਉਹ ਸਿਰਫ 23 ਸਾਲ ਦਾ ਸੀ ਅਤੇ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਸ਼ਿਵਮੋਗਾ ‘ਚ ਇਨ੍ਹਾਂ ਮੁਸਲਮਾਨਾਂ ਦੀ ਅਜਿਹੀ ਹਿੰਮਤ ਕਦੇ ਨਹੀਂ ਸੀ।

ਈਸ਼ਵਰੱਪਾ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਡੀਕੇ ਸ਼ਿਵਕੁਮਾਰ ‘ਤੇ ਘੱਟ ਗਿਣਤੀ ਭਾਈਚਾਰੇ ‘ਚ ਸਮਾਜ ਵਿਰੋਧੀ ਤੱਤਾਂ ਨੂੰ ਭੜਕਾਉਣ ਦਾ ਦੋਸ਼ ਵੀ ਲਾਇਆ। ਇਸ ਦੇ ਨਾਲ ਹੀ ਸ਼੍ਰੀ ਰਾਮ ਸੈਨਾ ਦੇ ਕਨਵੀਨਰ ਪ੍ਰਮੋਦ ਮੁਥਾਲਿਕ ਨੇ ਪੀਪਲਜ਼ ਫਰੰਟ ਆਫ ਇੰਡੀਆ ਅਤੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।