July 5, 2024 12:50 am
ਅਧਿਆਪਕ ਹੀ ਵਿਦਿਆਰਥੀਆਂ

ਅਧਿਆਪਕ ਹੀ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਂਦੇ ਨੇ : ਕੇ.ਪੀ ਸਿੰਘ

ਚੰਡੀਗੜ੍ਹ, 7 ਅਕਤੂਬਰ 2021: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਤੱਕ ਲੈ ਕੇ ਜਾਣ ਵਿੱਚ ਅਧਿਆਪਕਾਂ ਦੀ ਸ਼ਲਾਘਾਯੋਗ ਭੂਮਿਕਾ ਰਹੀ ਹੈ।ਵਿਦਿਆਰਥੀਆਂ ਦਾ ਸੁਨਹਿਰਾ ਭਵਿੱਖ ਸਿਰਜਣ ਵਿੱਚ ਵੀ ਅਧਿਆਪਕਾਂ ਦੀ ਭੂਮਿਕਾ ਜ਼ਿਕਰਯੋਗ ਹੈ।

ਸਪੀਕਰ ਰਾਣਾ ਕੇ.ਪੀ ਸਿੰਘ ਅੱਜ ਐਥੋਂ ਨੇੜਲੇ ਪਿੰਡ ਭੱਲੜੀ ਵਿੱਚ ਸਤਲੁਜ ਪ੍ਰੈਸ ਕਲੱਬ ਸੁਖਸਾਲ ਵੱਲੋਂ ਵਿਸ਼ਵ ਅਧਿਆਪਕ ਦਿਵਸ ਮੋਕੇ ਆਯੋਜਿਤ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੋਰ ਤੇ ਇੱਥੇ ਪਹੁੰਚੇ ਸਨ।ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਜਿਕਰਯੋਗ ਉਪਲੱਬਧੀਆਂ ਹਾਸਲ ਕਰਨ ਵਾਲੇ 51 ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ।ਨੰਗਲ,ਸ੍ਰੀ ਅਨੰਦਪੁਰ ਸਾਹਿਬ,ਸ੍ਰੀ ਕੀਰਤਪੁਰ ਸਾਹਿਬ ਦੇ ਇਨ੍ਹਾਂ 51 ਅਧਿਆਪਕਾਂ ਨੇ ਆਪਣੇ ਅਧਿਆਪਣ ਦੋਰਾਨ ਬਹੁਤ ਵਧੀਆ ਕੰਮ ਕੀਤਾ ਹੈ।

ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਕਿਸੇ ਵੀ ਦੇਸ਼ ਦਾ ਵਿਕਾਸ ਉਸ ਦੀ ਸਿੱਖਿਆ ਪ੍ਰਣਾਲੀ ਤੇ ਨਿਰਭਰ ਹੈ।ਬੁੱਧੀਜੀਵੀਆਂ,ਮਹਾਂਪੁਰਸ਼ਾਂ ਅਤੇ ਸਮਾਜ ਵਿੱਚ ਨਵੀਂ ਕ੍ਰਾਂਤੀ ਲੈ ਕੇ ਆਉਣ ਵਾਲੀ ਸ਼ਖਸ਼ੀਅਤਾਂ ਨੇ ਹਮੇਸ਼ਾਂ ਸਿੱਖਿਆ ਦੇ ਪ੍ਰਚਾਰ ਅਤੇ ਪਸਾਰ ਨੂੰ ਤਰਜੀਹ ਦਿੱਤੀ ਹੈ।ਅੱਜ ਦੇ ਕਲਾਸ ਰੂਮ ਵਿੱਚ ਬੈਠੇ ਵਿਦਿਆਰਥੀ ਭਵਿੱਖ ਵਿੱਚ ਦੇਸ਼ ਦੀ ਅਗਵਾਈ ਕਰਨਗੇ। ਇਸ ਲਈ ਅਧਿਆਪਕ ਰਾਸ਼ਟਰ ਦੇ ਨਿਰਮਾਤਾ ਵੀ ਹਨ ।ਉਨਾਂ ਨੇ ਕਿਹਾ ਕਿ ਵਿਦਿਆਰਥੀਆਂ ਦਾ ਵਧੇਰੇ ਸਮਾਂ ਅਧਿਆਪਕਾਂ ਦੀ ਸੰਗਤ ਵਿੱਚ ਬਤੀਤ ਹੁੰਦਾ ਹੈ।ਉਹ ਵਿਦਿਆਰਥੀਆਂ ਲਈ ਆਦਰਸ਼ ਵੀ ਹਨ।

ਉਹ ਸਮਾਜ ਵਿੱਚ ਇੱਕ ਚਾਣਨ ਮੁਨਾਰੇ ਦੀ ਤਰ੍ਹਾ ਕੰਮ ਕਰ ਰਹੇ ਹਨ।ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਅਧਿਆਪਕਾਂ ਦਾ ਸਨਮਾਨ ਹੋਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਜਿਕਰਯੋਗ ਉਪਲੱਬਧੀਆਂ ਹਾਸਲ ਕਰਨ ਵਾਲੇ ਅਧਿਆਪਕਾਂ ਨੇ ਸਾਡੇ ਸੂਬੇ ਦੇ ਸਿੱਖਿਆ ਦੇ ਢਾਂਚੇ ਵਿੱਚ ਸੁਧਾਰ ਕਰਕੇ ਪੰਜਾਬ ਨੂੰ ਦੇਸ਼ ਭਰ ਵਿੱਚ ਅੱਵਲ ਨੰਬਰ ਤੇ ਲਿਆਂਦਾ ਹੈ।

ਸਤਲੁਜ ਪ੍ਰੈਸ ਕਲੱਬ ਸੁਖਸਾਲ ਦੀ ਸ਼ਲਾਘਾ ਕਰਦੇ ਹੋਏ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅਧਿਆਪਕਾਂ ਨੂੰ ਉਨਾਂ ਦੀ ਮਿਹਨਤ ਅਤੇ ਲਗਨ ਲਈ ਸਨਮਾਨ ਦੇਣ ਦਾ ਉਪਰਾਲਾ ਕਰਕੇ ਇਸ ਸੰਸਥਾ ਨੇ ਪਹਿਲੀ ਵਾਰ ਇਹ ਸ਼ਲਾਘਾਯੋਗ ਕੰਮ ਕੀਤਾ ਹੈ।ਅਜਿਹੇ ਸਮਾਗਮ ਸਾਡੇ ਸਮਾਜ ਲਈ ਪ੍ਰਰੇਣਾਸ੍ਰੋਤ ਹਨ।

ਇਸ ਮੋਕੇ ਕਲੱਬ ਦੇ ਪ੍ਰਧਾਨ ਮਾਸਟਰ ਮਲਕੀਤ ਸਿੰਘ,ਅੰਮ੍ਰਿਤ ਪਾਲ ਧੀਮਾਨ, ਭਗਤ ਰਾਮ, ਜਰਨੈਲ ਸਿੰਘ ਜਿਲ੍ਹਾ ਸਿੱਖਿਆ ਅਫਸਰ ਰੂਪਨਗਰ,  ਸੁਦੇਸ਼ ਕੁਮਾਰੀ ਬੀ.ਪੀ.ਈ.ਉ ਨੰਗਲ, ਮਨਜੀਤ ਸਿੰਘ ਮਾਵੀ ਬੀ.ਪੀ.ਈ.ਉ  ਅਨੰਦਪੁਰ ਸਾਹਿਬ, ਰਣਵੀਰ ਸਿੰਘ ਬੀ.ਪੀ.ਈ.ਉ ਕੀਰਤਪੁਰ ਸਾਹਿਬ,  ਕਮਲਜੀਤ ਭੱਲੜੀ ਰਿਟਾਇਰਡ ਬੀ.ਪੀ.ਈ.ਉ, ਅਮਰਜੀਤ ਭੱਲੜੀ, ਅਮਰਜੀਤ ਸਿੰਘ ਬੀ.ਐਮ.ਟੀ ਨੰਗਲ, ਅਨਿਲ ਕੁਮਾਰ ਬੀ.ਐਮ.ਟੀ ਨੰਗਲ, ਪ੍ਰੈਸ ਕਲੱਬ ਦੇ ਅਹੁਦੇਦਾਰ ਧਰਮ ਪਾਲ, ਜੁਝਾਰ ਸਿੰਘ, ਹਰਭਜਨ ਢਿੱਲੋਂ, ਅਜੇ ਕੁਮਾਰ ਤੋਂ ਇਲਾਵਾ ਪੰਚ, ਸਰਪੰਚ ਤੇ ਹੋਰ ਮੌਜੂਦ ਸਨ।