Site icon TheUnmute.com

ਪੰਜਾਬ ਦੇ ਗੌਰਵਸ਼ਾਲੀ ਵਿਰਸੇ ਨੂੰ ਦਰਸਾਉਂਦੀਆਂ ਝਾਕੀਆਂ ਪੁੱਜੀਆਂ ਸ੍ਰੀ ਮੁਕਤਸਰ ਸਾਹਿਬ

Sri Muktsar Sahib

ਸ੍ਰੀ ਮੁਕਤਸਰ ਸਾਹਿਬ 12 ਫਰਵਰੀ 2024: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਗੌਰਵਸ਼ਾਲੀ ਵਿਰਸੇ ਅਤੇ ਇਤਿਹਾਸ ਨੂੰ ਦਰਸਾਉਂਦੀਆਂ ਝਾਕੀਆਂ ਅੱਜ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿਖੇ ਪਹੁੰਚੀਆਂ । ਇੱਥੇ ਪਹੁੰਚਣ ਤੇ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਇਹਨਾਂ ਦਾ ਸਵਾਗਤ ਕੀਤਾ ਅਤੇ ਝੰਡੀ ਵਿਖਾ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ ।

ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਇਤਿਹਾਸ, ਵਿਰਸੇ ਅਤੇ ਇੱਥੋਂ ਦੇ ਮਹਾਨ ਸ਼ਹੀਦਾਂ ਦੇ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ ਨੂੰ ਦਰਸਾਉਂਦੀਆਂ ਇਹ ਝਾਕੀਆਂ ਤਿਆਰ ਕਰਵਾਈਆਂ ਗਈਆਂ ਹਨ ਤਾਂ ਜੋ ਸਾਡੀ ਨਵੀਂ ਪੀੜੀ ਨੂੰ ਇਹਨਾਂ ਤੋਂ ਜਾਣੂ ਕਰਵਾਇਆ ਜਾ ਸਕੇ ।

ਉਨਾਂ ਨੇ ਕਿਹਾ ਕਿ ਇਹਨਾਂ ਵਿੱਚ ਇੱਕ ਝਾਕੀ ਮਾਈ ਭਾਗੋ ਦੀ ਹੈ ਜੋ ਕਿ ਨਾਰੀ ਸਸ਼ਕਤੀਕਰਨ ਤੇ ਅਧਾਰਿਤ ਹੈ। ਉਹਨਾਂ ਆਖਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਈ ਭਾਗੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾਲ ਮੁਗਲਾਂ ਖਿਲਾਫ ਲੜਾਈ ਲੜੀ ਸੀ ਇਸ ਕਰਕੇ ਮਾਈ ਭਾਗੋ ਜੀ ਦਾ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਨਾਲ ਸਬੰਧ ਜੁੜਦਾ ਹੋਣ ਕਰਕੇ ਸਾਡੇ ਲਈ ਮਾਣ ਦੀ ਗੱਲ ਹੈ ਕਿ ਮਾਈ ਭਾਗੋ ਦੀ ਝਾਕੀ ਵੀ ਇਹਨਾਂ ਤਿੰਨ ਝਾਕੀਆਂ ਵਿੱਚ ਸ਼ਾਮਿਲ ਕੀਤੀ ਗਈ ਹੈ। ਉਨਾਂ ਦੱਸਿਆ ਕਿ ਅੱਗੋਂ ਇਹ ਝਾਕੀਆਂ ਗਿੱਦੜਬਾਹਾ ਅਤੇ ਮਲੋਟ ਹੁੰਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਵੱਲ ਜਾਣਗੀਆਂ।

ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਇਹਨਾਂ ਝਾਕੀਆਂ ਨੂੰ ਵੇਖਿਆ ਅਤੇ ਪੰਜਾਬ ਸਰਕਾਰ ਦੇ ਇਸ ਸ਼ਾਨਦਾਰ ਉਪਰਾਲੇ ਦੀ ਸਲਾਘਾ ਕਰਦੇ ਵਿਖਾਈ ਦਿੱਤੇ। ਲੋਕਾਂ ਨੇ ਆਖਿਆ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਸਾਡੀ ਨਵੀਂ ਪੀੜੀ ਨੂੰ ਸਾਡੇ ਗੌਰਵਸ਼ਾਲੀ ਇਤਿਹਾਸ ਬਾਰੇ ਜਾਗਰੂਕਤਾ ਵੱਧਦੀ ਹੈ। ਇਸ ਮੌਕੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਰਿੰਦਰ ਸਿੰਘ ਢਿੱਲੋਂ ਅਤੇ ਹੋਰ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।

Exit mobile version