TheUnmute.com

ਵੱਖਰੇ ਫਾਰਮੈਟ ‘ਚ ਖੇਡਿਆ ਜਾਵੇਗਾ ਟੀ-20 ਵਿਸ਼ਵ ਕੱਪ 2024, ਭਾਰਤ ਤੇ ਪਾਕਿਸਤਾਨ ਇੱਕੋ ਗਰੁੱਪ ‘ਚ ਸ਼ਾਮਲ

ਚੰਡੀਗੜ੍ਹ, 5 ਜਨਵਰੀ 2024: ਭਾਰਤ ਅਤੇ ਪਾਕਿਸਤਾਨ ਨੂੰ ਇਸ ਸਾਲ ਜੂਨ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 (T20 World Cup) ‘ਚ ਗਰੁੱਪ ਏ ‘ਚ ਰੱਖਿਆ ਗਿਆ ਹੈ।  ਭਾਰਤ ਤੋਂ ਇਲਾਵਾ ਪਾਕਿਸਤਾਨ, ਆਇਰਲੈਂਡ, ਅਮਰੀਕਾ ਅਤੇ ਕੈਨੇਡਾ ਇਸ ਗਰੁੱਪ ਵਿੱਚ ਹਨ। ਟੀ-20 ਵਿਸ਼ਵ ਕੱਪ ਇਸ ਸਾਲ 4 ਤੋਂ 30 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ‘ਚ ਖੇਡਿਆ ਜਾਵੇਗਾ | ਭਾਰਤੀ ਟੀਮ ਦੇ ਪ੍ਰੋਗਰਾਮ ਦਾ ਖੁਲਾਸਾ ਹੋਇਆ ਹੈ। ਇਸ ‘ਚ ਭਾਰਤੀ ਟੀਮ ਦਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਦੇ ਖ਼ਿਲਾਫ਼ ਖੇਡਿਆ ਜਾਣਾ ਹੈ, ਉਥੇ ਹੀ ਦੂਜਾ ਮੈਚ ਪਾਕਿਸਤਾਨ ਦੇ ਖ਼ਿਲਾਫ਼ 9 ਜੂਨ ਨੂੰ ਖੇਡਿਆ ਜਾਵੇਗਾ।

ਇਹ ਟੂਰਨਾਮੈਂਟ ਨਵੇਂ ਫਾਰਮੈਟ ਵਿੱਚ ਖੇਡਿਆ ਜਾਵੇਗਾ। ਟੀ-20 ਵਿਸ਼ਵ ਕੱਪ 2024 ਪਿਛਲੇ ਟੀ-20 ਵਿਸ਼ਵ ਕੱਪ ਤੋਂ ਬਿਲਕੁਲ ਵੱਖਰਾ ਹੋਵੇਗਾ ਅਤੇ ਇਸ ਵਿੱਚ ਕੋਈ ਕੁਆਲੀਫਾਇੰਗ ਪੜਾਅ ਨਹੀਂ ਹੋਵੇਗਾ ਅਤੇ ਨਾ ਹੀ ਸੁਪਰ-12 ਪੜਾਅ ਹੋਵੇਗਾ।

5 ਟੀਮਾਂ ਦੇ 4 ਗਰੁੱਪਾਂ ਨੂੰ ਵੰਡਿਆ

Image

Image credit: ICC

ਪ੍ਰਾਪਤ ਜਾਣਕਾਰੀ ਮੁਤਾਬਕ ਟੀ-20 ਵਿਸ਼ਵ ਕੱਪ 2024 ਵਿੱਚ ਹਿੱਸਾ ਲੈਣ ਵਾਲੀਆਂ 20 ਟੀਮਾਂ ਨੂੰ 5 ਟੀਮਾਂ ਦੇ 4 ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਸਾਰੇ ਗਰੁੱਪਾਂ ਦੀਆਂ ਸਿਖਰਲੀਆਂ 2-2 ਟੀਮਾਂ ਸੁਪਰ-8 ਪੜਾਅ ਵਿੱਚ ਪਹੁੰਚਣਗੀਆਂ। ਸੁਪਰ-8 ਦੀਆਂ ਚੋਟੀ ਦੀਆਂ 2 ਟੀਮਾਂ ਵੀ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਟੂਰਨਾਮੈਂਟ ਦਾ ਫਾਈਨਲ ਸੈਮੀਫਾਈਨਲ ਦੀਆਂ ਜੇਤੂ ਟੀਮਾਂ ਵਿਚਕਾਰ 30 ਜੂਨ 2024 ਨੂੰ ਖੇਡਿਆ ਜਾਵੇਗਾ।

ਟੂਰਨਾਮੈਂਟ (T20 World Cup) ਵਿੱਚ 27 ਦਿਨਾਂ ਦੇ ਅੰਦਰ ਕੁੱਲ 55 ਮੈਚ ਖੇਡੇ ਜਾਣਗੇ, ਜਿਸ ਵਿੱਚ 2 ਸੈਮੀਫਾਈਨਲ, ਇੱਕ ਫਾਈਨਲ ਅਤੇ 52 ਗਰੁੱਪ ਪੜਾਅ ਦੇ ਮੈਚ ਸ਼ਾਮਲ ਹਨ। ਆਈਸੀਸੀ ਨੇ ਇਸ ਦਾ ਅਧਿਕਾਰਤ ਐਲਾਨ ਕੀਤਾ ਹੈ।ਇਸਦੇ ਨਾਲ ਹੀ ਗਰੁੱਪ ਬੀ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ, ਆਸਟਰੇਲੀਆ, ਸਕਾਟਲੈਂਡ, ਨਾਮੀਬੀਆ ਅਤੇ ਓਮਾਨ ਸ਼ਾਮਲ ਹਨ, ਉਨ੍ਹਾਂ ਦੇ ਮੈਚ ਵੈਸਟਇੰਡੀਜ਼ ਵਿੱਚ ਖੇਡੇ ਜਾਣਗੇ।

ਗਰੁੱਪ ਸੀ ਵਿੱਚ ਵੈਸਟਇੰਡੀਜ਼ ਦਾ ਸਾਹਮਣਾ ਨਿਊਜ਼ੀਲੈਂਡ, ਅਫਗਾਨਿਸਤਾਨ, ਪਾਪੂਆ ਨਿਊ ਗਿਨੀ ਅਤੇ ਯੂਗਾਂਡਾ ਨਾਲ ਹੋਵੇਗਾ। ਆਖਰੀ ਅਤੇ ਚੌਥੇ ਗਰੁੱਪ ਡੀ ‘ਚ ਦੱਖਣੀ ਅਫਰੀਕਾ ਦਾ ਸਾਹਮਣਾ ਸ਼੍ਰੀਲੰਕਾ, ਬੰਗਲਾਦੇਸ਼, ਨੀਦਰਲੈਂਡ ਅਤੇ ਨੇਪਾਲ ਨਾਲ ਹੋਵੇਗਾ।

ਪਹਿਲੀ ਵਾਰ ਵਿਸ਼ਵ ਕੱਪ ਵਿੱਚ 20 ਟੀਮਾਂ ਲੈਣਗੀਆਂ ਹਿੱਸਾ

ਪਹਿਲੀ ਵਾਰ ਟੀ-20 ਵਿਸ਼ਵ ਕੱਪ ‘ਚ 20 ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਪਹਿਲਾਂ 2007 ਤੋਂ 2012 ਤੱਕ ਖੇਡੇ ਗਏ 4 ਵਿਸ਼ਵ ਕੱਪਾਂ ਵਿੱਚ 12 ਟੀਮਾਂ ਨੇ ਭਾਗ ਲਿਆ ਸੀ ਅਤੇ 2014 ਤੋਂ 2022 ਤੱਕ ਖੇਡੇ ਗਏ 4 ਵਿਸ਼ਵ ਕੱਪਾਂ ਵਿੱਚ 16 ਟੀਮਾਂ ਨੇ ਭਾਗ ਲਿਆ ਸੀ।

Exit mobile version