July 7, 2024 2:26 pm
Synthetic-Athletic Track

ਗੁਰੂ ਨਾਨਕ ਦੇਵ ਸਟੇਡੀਅਮ ਅੰਮ੍ਰਿਤਸਰ ਵਿਖੇ ਬਣਾਇਆ ਜਾਵੇਗਾ ਸਿੰਥੈਟਿਕ-ਐਥਲੈਟਿਕ ਟਰੈਕ: ਹਰਭਜਨ ਸਿੰਘ ਈ.ਟੀ.ਓ

ਚੰਡੀਗ੍ਹੜ 02 ਸਤੰਬਰ 2022: ਪੰਜਾਬ ਵਿੱਚ ਵਧੀਆ ਸੰਭਵ ਖੇਡ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਗੁਰੂ ਨਾਨਕ ਦੇਵ ਸਟੇਡੀਅਮ, ਅੰਮ੍ਰਿਤਸਰ ਵਿਖੇ ਸਿੰਥੈਟਿਕ-ਐਥਲੈਟਿਕ ਟਰੈਕ (Synthetic-Athletic Track) ਵਿਛਾਉਣ ਅਤੇ ਇਸ ਨਾਲ ਸਬੰਧਤ ਕੰਮਾਂ ਲਈ 748.36 ਲੱਖ ਰੁਪਏ ਖਰਚ ਕਰੇਗੀ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਟੈਂਡਰ ਮੰਗੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ (Harbhajan Singh ETO) ਨੇ ਦੱਸਿਆ ਕਿ ਸੂਬਾ ਸਰਕਾਰ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਹਫਤੇ ਇੱਕ ਮੈਗਾ ਖੇਡ ਸਮਾਗਮ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਵਿਸ਼ਵ ਪੱਧਰੀ ਖੇਡਾਂ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਸੂਬਾ ਸਰਕਾਰ ਨੇ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਵਿਖੇ ਸਿੰਥੈਟਿਕ-ਐਥਲੈਟਿਕ ਟਰੈਕ ਵਿਛਾਉਣ ਅਤੇ ਸਹਾਇਕ ਕੰਮਾਂ ਲਈ 748.36 ਲੱਖ ਰੁਪਏ ਜਾਰੀ ਕਰਨ ਲਈ ਪਹਿਲਾਂ ਹੀ ਪ੍ਰਬੰਧਕੀ ਪ੍ਰਵਾਨਗੀ ਦੇ ਦਿੱਤੀ ਹੈ।

ਲੋਕ ਨਿਰਮਾਣ ਮੰਤਰੀ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਸਟੇਡੀਅਮ ਵਿੱਚ 400 ਮੀਟਰ ਅੱਠ ਮਾਰਗੀ ਸਿੰਥੈਟਿਕ-ਐਥਲੈਟਿਕ ਟਰੈਕ ਤਿਆਰ ਕੀਤਾ ਜਾਵੇਗਾ, ਜਿਸ `ਤੇ 668.22 ਲੱਖ ਰੁਪਏ ਦੀ ਲਾਗਤ ਆਵੇਗੀ। ਟਰੈਕ `ਤੇ ਸਪ੍ਰਿੰਕਲਰ ਸਿਸਟਮ ਵੀ ਲਗਾਇਆ ਜਾਵੇਗਾ। ਸਟੇਡੀਅਮ ਵਿੱਚ ਰਾਤ ਦੀਆਂ ਖੇਡਾਂ ਲਈ 21.70 ਲੱਖ ਰੁਪਏ ਨਾਲ ਐਲ.ਈ.ਡੀ. ਲਾਈਟਾਂ ਵੀ ਲਗਾਈਆਂ ਜਾਣਗੀਆਂ।

ਈ.ਟੀ.ਓ ਨੇ ਦੱਸਿਆ ਕਿ ਸਟੇਡੀਅਮ ਵਿੱਚ ਡਿਸਕਸ ਥਰੋਅ ਰਿੰਗ, ਹੈਮਰ ਥਰੋ ਸਰਕਲ, ਸ਼ਾਟ ਪੁੱਟ ਰਿੰਗ, ਲੰਬੀ ਛਾਲ ਅਤੇ ਤੀਹਰੀ ਛਾਲ ਲਈ ਟੇਕ ਆਫ ਬੋਰਡ ਅਤੇ ਆਟੋਮੈਟਿਕ ਟਰੈਕ ਕਲੀਨਿੰਗ ਮਸ਼ੀਨ ਵੀ ਲਗਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਸਟੇਡੀਅਮ ਦੀ ਹਰਿਆਲੀ ਅਤੇ ਦਿੱਖ ਨੂੰ ਵਧੀਆ ਬਣਾਈ ਰੱਖਣ ਲਈ ਟਿਊਬਵੈੱਲ ਸਿਸਟਮ, ਪੰਪ ਚੈਂਬਰ ਅਤੇ ਪੌਦੇ ਲਗਾਏ ਜਾਣਗੇ, ਜਿਸ `ਤੇ 33.65 ਲੱਖ ਰੁਪਏ ਖਰਚ ਆਉਣਗੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੰਮ 30 ਜੂਨ 2023 ਤੱਕ ਮੁਕੰਮਲ ਕਰ ਲਏ ਜਾਣਗੇ।