TheUnmute.com

ਸੁਰਿੰਦਰਪਾਲ ਸ਼ਰਮਾ ਸਮਰਾਲਾ ਤੇ ਸੁਖਵਿੰਦਰ ਕੌਰ ਪਟਿਆਲਾ ਬਣੇ ਕਿਲ੍ਹਾ ਰਾਏਪੁਰ ਖੇਡਾਂ ਦੇ ਸਭ ਤੋਂ ਤੇਜ਼ ਦੌੜਾਕ

ਲੁਧਿਆਣਾ 4 ਫਰਵਰੀ 2023: ਪੰਜਾਬ ਦੇ ਅਮੀਰ ਖੇਡ ਵਿਰਸੇ ਦਾ ਪ੍ਰਤੀਕ ਪਿੰਡ ਕਿਲ੍ਹਾ ਰਾਏਪੁਰ (Kila Raipur) ਦਾ 83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ ਦੇ ਦੂਸਰੇ ਦਿਨ ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਪੁੱਜੇ। ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੱਤੀ ਸੁਹਾਵੀਆ) ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਗਰੇਵਾਲ, ਸਰਪੰਚ ਗਿਆਨ ਸਿੰਘ, ਗੁਰਿੰਦਰ ਸਿੰਘ ਗਰੇਵਾਲ, ਬਲਜੀਤ ਸਿੰਘ, ਦਵਿੰਦਰ ਸਿੰਘ ਪੂਨੀਆ ਤੇ ਟੀਮ ਵੱਲੋਂ ਸਮੁੱਚੇ ਪ੍ਰਬੰਧਾਂ ਦਾ ਸੁਚਾਰੂ ਰੂਪ ‘ਚ ਸੰਚਾਲਨ ਕੀਤਾ ਜਾ ਰਿਹਾ ਹੈ।

punjab

ਸਵ. ਮਾਤਾ ਕੁਲਦੀਪ ਕੌਰ ਗਰੇਵਾਲ ਅਤੇ ਸਵ. ਕਮਲਜੀਤ ਸਿੰਘ ਗਰੇਵਾਲ (ਕਮਲ) ਨੂੰ ਸਮਰਪਿਤ ਇੰਨ੍ਹਾਂ ਖੇਡਾਂ ਦੀ ਸਫਲਤਾ ਲਈ ਪ੍ਰਵਾਸੀ ਵੀਰਾਂ, ਗ੍ਰਾਮ ਪੰਚਾਇਤ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ। ਅੱਜ ਹੋਏ ਦਿਲਕਸ਼ ਮੁਕਾਬਲਿਆਂ ‘ਚ ਘੋੜਾਸਵਾਰੀ ਸ਼ੋਅ, ਰੱਸਾਕਸੀ, ਟਰਾਲੀ ਬੈਕ ਲਗਾਉਣ ਤੇ ਟਰਾਲੀ ਭਰਨ ਤੇ ਖਾਲੀ ਕਰਨ (ਲੋੋਡਿੰਗ-ਅੱਪ ਲੋੋਡਿੰਗ), ਹਾਕੀ ਤੇ ਅਥਲੈਟਿਕਸ ਮੁਕਾਬਲੇ ਖਿੱਚ ਦਾ ਕੇਂਦਰ ਰਹੇ।

ਮੁੱਖ ਮਹਿਮਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਨੂੰ ਮੁੜ ਰੰਗਲਾ ਬਣਾਉਣਾ ਹੈ ਜਿਸ ਲਈ ਉਹ ਖੇਡਾਂ ਨੂੰ ਵਿਸ਼ੇਸ਼ ਤੌਰ ‘ਤੇ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਲਾ ਰਾਏਪੁਰ ਖੇਡਾਂ ਪੰਜਾਬ ਦੇ ਅਮੀਰ ਖੇਡ ਵਿਰਸੇ ਦੀਆਂ ਪ੍ਰਤੀਕ ਹਨ, ਜਿੰਨ੍ਹਾਂ ਲਈ ਪੰਜਾਬ ਸਰਕਾਰ ਭਰਵਾਂ ਸਹਿਯੋਗ ਦੇ ਰਹੀ ਹੈ ਅਤੇ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਵਿਭਾਗ ਵੱਲੋਂ ਅਗਲੇ ਵਰ੍ਹੇ ਤੋਂ ਖੇਡਾਂ ਦੇ ਪ੍ਰਚਾਰ ਪ੍ਰਸਾਰ ਲਈ ਭਰਵਾਂ ਯੋਗਦਾਨ ਪਾਇਆ ਜਾਵੇਗਾ।

ਕੈਬਨਿਟ ਮੰਤਰੀ ਮਾਨ ਨੇ ਕਿਲ੍ਹਾ ਰਾਏਪੁਰ ਖੇਡਾਂ ਦੇ ਪ੍ਰਬੰਧਕਾਂ ਵੱਲੋਂ ਐਸਟਰੋਟਰਫ ਲਗਾਉਣ, ਫਲੱਡ ਲਾਈਟਸ ਲਗਾਉਣ ਤੇ ਮਲਟੀਪਰਜ਼ ਜਿੰਮ ਸਥਾਪਤ ਕਰਨ ਆਦਿ ਮੰਗਾਂ ਨੂੰ ਪੂਰੀਆਂ ਕਰਨ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਖੇਡਾਂ ਪੰਜਾਬ ਦੇ ਕੋਨੇ-ਕੋਨੇ ‘ਚ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਪੰਜਾਬ ਦਾ ਅਮੀਰ ਵਿਰਸਾ ਕਾਇਮ ਰਹਿ ਸਕੇ ਅਤੇ ਅਗਲੀਆਂ ਪੀੜ੍ਹੀਆਂ ਦਾ ਖੇਡਾਂ ਨਾਲ ਮੋਹ ਬਣਿਆ ਰਹੇ। ਉਨ੍ਹਾਂ ਹਾਕੀ ਟੀਮਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਜੇਤੂ ਅਥਲੀਟਾਂ ਨੂੰ ਇਨਾਮ ਵੀ ਵੰਡੇ। ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ, ਸੱਤਪਾਲ ਖਡਿਆਲ ਤੇ ਗੁਰਵਿੰਦਰ ਸਿੰਘ ਗਰੇਵਾਲ ਨੇ ਕੀਤਾ।

ਖੇਡਾਂ ਦੇ ਨਤੀਜੇ:- (Kila Raipur) ਪੰਜਾਬ ਦੇ ਅਮੀਰ ਖੇਡ ਵਿਰਸੇ ਦਾ ਪ੍ਰਤੀਕ ਪਿੰਡ ਕਿਲ੍ਹਾ ਰਾਏਪੁਰ (Kila Raipur) ਦਾ 83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ ਦੇ ਦੂਸਰੇ ਦਿਨ ਖੇਡਾਂ ਦੇ ਆਕਰਸ਼ਨ ਦਾ ਕੇਂਦਰ ਰਹੇ ਬਜੁਰਗਾਂ ਦੇ 70 ਸਾਲ ਤੋਂ ਵੱਧ ਉਮਰ ਦੀ 100 ਮੀਟਰ ਦੌੜ ‘ਚ ਸੁਰਿੰਦਰਪਾਲ ਸ਼ਰਮਾ ਹੁਸ਼ਿਆਰਪੁਰ ਪਹਿਲੇ, ਸਰਬਜੀਤ ਸਿੰਘ ਗੁਰਦਾਸਪੁਰ ਦੂਸਰੇ ਤੇ ਰਘੁਵੀਰ ਭੁੱਲਰ ਮੋਹਾਲੀ ਤੀਸਰੇ ਸਥਾਨ ‘ਤੇ ਰਿਹਾ।

ਸਾਈਕਲਿੰਗ ਲੜਕਿਆਂ ਦੇ ਵਰਗ ‘ਚ ਸਾਹਿਲ ਲੁਧਿਆਣਾ ਪਹਿਲੇ, ਹਰਸਿਮਰਨਜੀਤ ਸਿੰਘ ਬਰਨਾਲਾ ਦੂਸਰੇ ਤੇ ਏਕਮਪ੍ਰੀਤ ਸਿੰਘ ਲੁਧਿਆਣਾ ਤੀਸਰੇ ਸਥਾਨ ‘ਤੇ ਰਿਹਾ। ਲੜਕੀਆਂ ਦੇ ਵਰਗ ‘ਚ ਮੁਕਲ ਪਹਿਲੇ, ਹਰਪ੍ਰੀਤ ਕੌਰ ਦੂਸਰੇ ਤੇ ਪੂਜਾ ਤੀਸਰੇ ਸਥਾਨ ‘ਤੇ ਰਹੀ। ਉੱਚੀ ਛਾਲ ਲ਼ੜਕਿਆਂ ਦੇ ਵਰਗ ‘ਚ ਵਿਸ਼ਾਲ ਲੁਧਿਆਣਾ ਪਹਿਲੇ, ਜਸਕਰਨ ਸਿੰਘ ਦੂਸਰੇ ਅਤੇ ਅਮਨਪ੍ਰੀਤ ਸਿੰਘ ਤੀਸਰੇ ਸਥਾਨ ‘ਤੇ ਰਿਹਾ ਹੈ। ਲੜਕੀਆਂ ਦੇ ਲੰਬੀ ਛਾਲ ‘ਚ ਦੀਪਤੀ ਲੁਧਿਆਣਾ ਪਹਿਲੇ, ਲਵਪ੍ਰੀਤ ਕੌਰ ਦੂਸਰੇ ਅਤੇ ਮਨਾਲੀ ਚੌਹਾਨ ਤੀਸਰੇ ਸਥਾਨ ‘ਤੇ ਰਹੀ।

ਲੜਕਿਆਂ ਦੇ ਲੰਬੀ ਛਾਲ ਮੁਕਾਬਲੇ ਜਗਰੂਪ ਸਿੰਘ ਰੋਪੜ ਪਹਿਲੇ, ਜਸਕਰਨ ਸਿੰਘ ਰਾਏਕੋਟ ਦੂਸਰੇ ਤੇ ਅਮਨਪ੍ਰੀਤ ਸਿੰਘ ਲੁਧਿਆਣਾ ਤੀਸਰੇ ਸਥਾਨ ‘ਤੇ ਰਿਹਾ। ਲੜਕੀਆਂ ਦੀ ਸੌ ਮੀਟਰ ਦੌੜ ‘ਚ ਸੁਖਵਿੰਦਰ ਕੌਰ ਪਟਿਆਲਾ ਨੇ ਪਹਿਲਾ, ਲਵਪ੍ਰੀਤ ਕੌਰ ਲੁਧਿਆਣਾ ਨੇ ਦੂਸਰਾ ਤੇ ਸੁਨੇਹਾ ਪਟਿਆਲਾ ਨੇ ਤੀਸਰਾ ਸਥਾਨ ਹਾਸਲ ਕੀਤਾ।

ਜੇਤੂ ਅਥਲੀਟਾਂ ਨੂੰ ਕਰਮਵਾਰ 5000 ਹਜ਼ਾਰ, 3000 ਹਜ਼ਾਰ ਤੇ 2000 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਹਾਕੀ ਲੜਕੀਆਂ ਦੇ ਵਰਗ ‘ਚ ਸਵੈਚ ਅਕੈਡਮੀ ਸੋਨੀਪਤ ਨੇ ਰਾਮਪੁਰ ਛੰਨਾ ਨੂੰ 6-0 ਨਾਲ ਹਰਾਇਆ। ਪੀਆਈਐਸ ਮੋਹਾਲੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 3-0 ਨਾਲ ਹਰਾਇਆ। ਲੜਕਿਆਂ ਦੇ ਵਰਗ ‘ਚ ਜੀਟੀਬੀ ਬਾਬਾ ਬਕਾਲਾ ਨੇ ਕਿਲ੍ਹਾ ਰਾਏਪੁਰ ਨੂੰ 2-0 ਗੋਲਾਂ ਨਾਲ ਹਰਾਇਆ।

ਵਿਰਾਸਤੀ ਖੇਡਾਂ:- ਪੰਜਾਬ ਦੇ ਅਮੀਰ ਖੇਡ ਵਿਰਸੇ ਦਾ ਪ੍ਰਤੀਕ ਪਿੰਡ ਕਿਲ੍ਹਾ ਰਾਏਪੁਰ ਦਾ 83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ ਦੇ ਦੂਸਰੇ ਦਿਨ ਵਿਰਾਸਤੀ ਖੇਡਾਂ ‘ਚ ਟਰਾਲੀ ਬੈਕ ਲਗਾਉਣ ਮੁਕਾਬਲਿਆਂ ‘ਚ ਕਮਲਪ੍ਰੀਤ ਸਿੰਘ ਮਹਿਲ ਕਲਾਂ, ਬਿੰਦਰ ਸ਼ਹਿਡੋਡ ਦੂਸਰੇ, ਜੋਤੀ ਵਿਰਕ ਪੰਜਗਰਾਈ ਤੀਸਰੇ ਅਤੇ ਮੰਨੂੰ ਹੁਸੈਨਪੁਰ ਚੌਥੇ ਸਥਾਨ ‘ਤੇ ਰਿਹਾ।

ਰੱਸਾਕਸੀ ‘ਚ ਬੁਰਜ ਦੋਨਾ (ਮੋਗਾ) ਦੀ ਟੀਮ ਪਹਿਲੇ, ਸ਼ਰੀਂਹ ਸ਼ੰਕਰ (ਜਲੰਧਰ) ਦੂਸਰੇ ਤੇ ਕਿਲ੍ਹਾ ਰਾਏਪੁਰ (ਲੁਧਿਆਣਾ) ਦੀ ਟੀਮ ਤੀਸਰੇ ਸਥਾਨ ‘ਤੇ ਰਹੀ। ਗੁਰਜੀਤ ਸਿੰਘ ਫਰਾਲੀ ਜਿਲ੍ਹਾ ਮਾਲੇਰਕੋਟਲਾ ਨੇ 2 ਕੁਇੰਟਲ ਵਜ਼ਨ ਦੀ ਬੋਰੀ ਚੁੱਕ ਕੇ ਸਭ ਨੂੰ ਦੰਦਾਂ ਥੱਲੇ ਜੀਭ ਲੈਣ ਲਈ ਮਜ਼ਬੂਰ ਕਰ ਦਿੱਤਾ। ਸਮਰਾਲਾ ਤੋਂ ਆਏ ਨਰੇਸ਼ ਕੁਮਾਰ ਨੇ 151 ਪਤੰਗ ਇਕੱਠੇ ਉਡਾ ਕੇ ਸਭ ਦਾ ਧਿਆਨ ਖਿੱਚਿਆ। ਮਹਿਲ ਕਲਾਂ ਜਿਲ੍ਹਾ ਬਰਨਾਲਾ ਤੋਂ ਆਏ ਲੱਖਾ ਸਿੰਘ ਗਰਦਨ ਨਾਲ ਸਰੀਆ ਮੋੜਕੇ, ਸਭ ਨੂੰ ਆਕਰਸ਼ਿਤ ਕੀਤਾ।

ਰਾਜਪਾਲ ਜੜਤੌਲੀ ਨੇ ਇੱਕ ਉਂਗਲ ਨਾਲ ਇੱਕ ਕੁਇੰਟਲ ਸੱਤ ਕਿਲੋ ਭਾਰ ਚੁੱਕਿਆ। ਰਾਜਸਥਾਨ ਤੋਂ ਆਏ ਬੰਟੀ ਤੇ ਬਬਲੀ ਨੇ ਰੇਲ ਗੱਡੀ ਚਲਾਕੇ ਦਿਖਾਈ। ਗਿਆਰਾ ਸਾਲ ਦੇ ਲਾਡੀ (ਹਰਿਆਣਾ) ਨੇ 50 ਡੰਡ ਲਗਾਏ।ਪਟਿਆਲਾ ਤੋਂ ਆਏ ਪੰਜਾਬ ਪੁਲਿਸ ਦੇ ਜਵਾਨ ਅਮਨਿੰਦਰ ਸਿੰਘ ਮੋਟਰਸਾਈਕਲ ‘ਤੇ ਕਰਤੱਬ ਦਿਖਾਏ। ਸਾਹਿਬ ਸਿੰਘ ਧੋਗੜੀ ਨੇ ਸੰਗਲ ਤੋੜਕੇ ਸਭ ਦਾ ਧਿਆਨ ਖਿੱਚਿਆ। ਅਪੋਲੋ ਟਾਇਰਜ਼ ਵੱਲੋਂ ਕਰਵਾਈ ਗਈ ਟਰੈਕਟਰ ਟਾਇਰਾਂ ਵਾਲੀ ਦੌੜ ‘ਚ ਸਿਮਰਨ ਨੇ ਪਹਿਲਾ, ਚਮਨ ਨੇ ਦੂਸਰਾ ਤੇ ਸੁਖਬੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।

Exit mobile version