ਚੰਡੀਗੜ੍ਹ 04 ਜੂਨ 2022: ਕੇਂਦਰ ਦੀ ਹਥਿਆਰਬੰਦ ਬਲਾਂ ਵਿਚ ਭਰਤੀ ਦੀ ਲਈ ‘ਅਗਨੀਪਥ ਯੋਜਨਾ’ (Agneepath Yojana) ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ‘ਤੇ ਸੁਪਰੀਮ ਕੋਰਟ (Supreme Court) ਅਗਲੇ ਹਫਤੇ ਸੁਣਵਾਈ ਕਰੇਗੀ। ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਜੇ ਕੇ ਮਹੇਸ਼ਵਰੀ ਦੀ ਛੁੱਟੀ ਵਾਲੇ ਬੈਂਚ ਨੇ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ 11 ਜੁਲਾਈ ਨੂੰ ਅਦਾਲਤ ਖੁੱਲ੍ਹਣ ‘ਤੇ ਉਸੇ ਹਫ਼ਤੇ ਮਾਮਲੇ ਨੂੰ ਢੁਕਵੇਂ ਬੈਂਚ ਅੱਗੇ ਸੁਣਵਾਈ ਲਈ ਰੱਖਣ ਦਾ ਨਿਰਦੇਸ਼ ਦਿੱਤੇ ਹਨ |
ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਜਨਹਿਤ ਪਟੀਸ਼ਨ ਦੇ ਵਕੀਲ ਹਰਸ਼ ਅਜੈ ਸਿੰਘ ਵੱਲੋਂ ਪੇਸ਼ ਹੋਏ ਵਕੀਲ ਕੁਮੁਦ ਲਤਾ ਦਾਸ ਨੇ ਛੁੱਟੀ ਵਾਲੇ ਬੈਂਚ ਦੇ ਸਾਹਮਣੇ ਮਾਮਲੇ ਦਾ ਜ਼ਿਕਰ ਕੀਤਾ ਅਤੇ ਪਟੀਸ਼ਨ ‘ਤੇ ਜਲਦੀ ਸੁਣਵਾਈ ਦੀ ਮੰਗ ਕੀਤੀ। ਇਸਦੇ ਨਾਲ ਹੀ ਕੁਮੁਦ ਲਤਾ ਦਾਸ ਨੇ ਕਿਹਾ ਕਿ ਸੈਂਕੜੇ ਲੋਕਾਂ ਦਾ ਕਰੀਅਰ ਦਾਅ ‘ਤੇ ਹੈ, ਇਸ ਲਈ ਅਦਾਲਤ ਨੂੰ ਪਟੀਸ਼ਨ ‘ਤੇ ਜਲਦੀ ਸੁਣਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਏਅਰ ਫੋਰਸ ਵਿੱਚ ਨੌਕਰੀ ਲਈ ਅਪਲਾਈ ਕੀਤਾ ਸੀ, ਉਨ੍ਹਾਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਅਤੇ ਉਹ ਨਿਯੁਕਤੀ ਪੱਤਰ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਇਹ ਅਗਨੀਵੀਰ ਯੋਜਨਾ ਲਾਗੂ ਕੀਤੀ ਗਈ ਹੈ। ਅਜਿਹੇ ‘ਚ ਉਨ੍ਹਾਂ ਦੀ ਸੇਵਾ ਦੀ ਮਿਆਦ 20 ਸਾਲ ਤੋਂ ਘਟਾ ਕੇ ਸਿਰਫ ਚਾਰ ਸਾਲ ਰਹਿ ਜਾਵੇਗੀ।