ਚੰਡੀਗੜ੍ਹ, 10 ਨਵੰਬਰ 2023: ਦਿੱਲੀ ‘ਚ ਵਧਦੇ ਪ੍ਰਦੂਸ਼ਣ (Pollution) ਨੂੰ ਲੈ ਕੇ ਸ਼ੁੱਕਰਵਾਰ 10 ਨਵੰਬਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਅਸੀਂ ਹਰ ਸਾਲ ਦਖਲ ਦਿੰਦੇ ਹਾਂ ਤਾਂ ਹੀ ਕਾਰਵਾਈ ਕਿਉਂ ਕੀਤੀ ਜਾਂਦੀ ਹੈ। ਦਿੱਲੀ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਅਸੀਂ ਨਤੀਜੇ ਦੇਖਣਾ ਚਾਹੁੰਦੇ ਹਾਂ।
ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੀ ਬੈਂਚ ਨੇ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਪਿਛਲੇ 6 ਸਾਲਾਂ ਤੋਂ ਕੀ ਕਰ ਰਹੇ ਹੋ? ਸ਼ਾਇਦ ਪ੍ਰਮਾਤਮਾ ਨੇ ਦਿੱਲੀ ਵਾਸੀਆਂ ਦੀ ਅਰਦਾਸ ਸੁਣ ਲਈ। ਇਸ ਲਈ ਵੀਰਵਾਰ (9 ਨਵੰਬਰ) ਰਾਤ ਨੂੰ ਮੀਂਹ ਪਿਆ। ਦਿੱਲੀ ਸਰਕਾਰ ਦੇ ਵਕੀਲ ਨੇ ਸੁਪਰੀਮ ਕੋਰਟ ਵਿੱਚ ਔਡ-ਈਵਨ ਦੇ ਫਾਇਦੇ ਦੱਸੇ। ਦਿੱਲੀ ਸਰਕਾਰ ਨੇ ਕਿਹਾ ਕਿ ਸਾਡੇ ਕੋਲ ਇੱਕ ਅਧਿਐਨ ਹੈ, ਜੋ ਦਰਸਾਉਂਦਾ ਹੈ ਕਿ ਔਡ-ਈਵਨ ਪ੍ਰਦੂਸ਼ਣ (Pollution) ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਅਸੀਂ ਅਦਾਲਤ ਦੇ ਨਿਰਦੇਸ਼ਾਂ ‘ਤੇ ਇਸ ਨੂੰ ਲਾਗੂ ਕਰਾਂਗੇ।
ਇਸ ‘ਤੇ ਜਸਟਿਸ ਕੌਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦਾ ਇਸ ਨਾਲ ਕੀ ਸਬੰਧ ਹੈ? ਤੁਸੀਂ ਅਦਾਲਤ ‘ਤੇ ਬੋਝ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਉਹ ਕਰੋਗੇ ਜੋ ਤੁਹਾਨੂੰ ਕਰਨਾ ਹੈ। ਇਸ ਮਾਮਲੇ ਦੀ ਸੁਣਵਾਈ ਹੁਣ 21 ਨਵੰਬਰ ਨੂੰ ਸੁਪਰੀਮ ਕੋਰਟ ਵਿੱਚ ਹੋਵੇਗੀ।