ਚੰਡੀਗੜ੍ਹ, 7 ਨਵੰਬਰ 2024: ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ‘ਚ 9 ਅਗਸਤ ਨੂੰ ਹੋਏ ਇੱਕ ਬੀਬੀ ਸਿਖਿਆਰਥੀ ਡਾਕਟਰ ਨਾਲ ਬ.ਲਾ.ਤ.ਕਾ.ਰ ਅਤੇ ਕ.ਤ.ਲ ਦੇ ਮਾਮਲੇ ‘ਚ ਵੀਰਵਾਰ ਨੂੰ ਸੁਪਰੀਮ ਕੋਰਟ (Supreme Court) ‘ਚ ਅਹਿਮ ਸੁਣਵਾਈ ਹੋਈ ਹੈ ।
ਸੁਪਰੀਮ ਕੋਰਟ (Supreme Court) ਨੇ ਸੀਬੀਆਈ ਦੀ ਅਪਡੇਟ ਕੀਤੀ ਸਟੇਟਸ ਰਿਪੋਰਟ ਬਾਰੇ 4 ਹਫ਼ਤਿਆਂ ‘ਚ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਕੋਰਟ ਨੇ ਮਾਮਲੇ ਦੀ ਸੁਣਵਾਈ ਕਿਸੇ ਹੋਰ ਸੂਬੇ ‘ਚ ਤਬਦੀਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਡਾਕਟਰਾਂ ਦੀ ਸੁਰੱਖਿਆ ਨਾਲ ਜੁੜੀ ਪਟੀਸ਼ਨ ‘ਤੇ ਇਕ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਨੈਸ਼ਨਲ ਟਾਸਕ ਫੋਰਸ (ਐੱਨ.ਟੀ.ਐੱਫ.) ਦੀ ਰਿਪੋਰਟ ਦਾਇਰ ਕਰ ਦਿੱਤੀ ਹੈ।
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੇਸ ਨਾਲ ਜੁੜੇ ਸਾਰੇ ਵਕੀਲਾਂ, ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ NTF ਰਿਪੋਰਟ ਦੀ ਕਾਪੀ ਭੇਜਣ ਦਾ ਨਿਰਦੇਸ਼ ਦਿੱਤਾ ਹੈ । ਇਸ ਤੋਂ ਬਾਅਦ ਸਾਰੇ ਪਟੀਸ਼ਨਕਰਤਾਵਾਂ ਅਤੇ ਸੂਬਿਆਂ ਦੇ ਮੁੱਖ ਸਕੱਤਰ ਇਸ ਬਾਰੇ ਆਪਣੇ ਸੁਝਾਅ ਦੇਣ। ਅਦਾਲਤ ਨੇ ਇਸ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਇਸ ਕੇਸ ਦੀ ਸੁਣਵਾਈ 11 ਨਵੰਬਰ ਤੋਂ ਰੋਜ਼ਾਨਾ ਹੋਵੇਗੀ।