ਚੰਡੀਗੜ੍ਹ 04 ਮਾਰਚ 2022: ਸੁਪਰੀਮ ਕੋਰਟ ‘ਚ ਅੱਜ ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ। ਇਸ ਦੌਰਾਨ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਯੂਕਰੇਨ ਤੋਂ ਹੁਣ ਤੱਕ 17,000 ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ ਅਤੇ ਕੁਝ ਲੋਕ ਅਜੇ ਵੀ ਯੂਕਰੇਨ ‘ਚ ਫਸੇ ਹੋਏ ਹਨ । ਜਿੰਨ੍ਹਾਂ ਦਾ ਮਾਮਲਾ ਕੱਲ੍ਹ ਅਦਾਲਤ ‘ਚ ਉਠਾਇਆ ਗਿਆ ਸੀ, ਕੇਂਦਰੀ ਮੰਤਰੀ ਸਿੰਧੀਆ ਉਨ੍ਹਾਂ ਕੁੜੀਆਂ ਦੇ ਸੰਪਰਕ ‘ਚ ਹਨ|
ਇਸ ਦੌਰਾਨ ਯੂਕਰੇਨ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ‘ਤੇ ਸੁਪਰੀਮ ਕੋਰਟ ਨੇ ਕਿਹਾ, ”ਅਸੀਂ ਕੇਂਦਰ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦੇ ਹਾਂ, ਇਸ ‘ਤੇ ਫਿਲਹਾਲ ਕੁਝ ਨਹੀਂ ਕਹਿ ਰਹੇ ਹਾਂ, ਪਰ ਅਸੀਂ ਚਿੰਤਤ ਵੀ ਹਾਂ।” ਅਦਾਲਤ ਨੇ ਸੁਝਾਅ ਦਿੱਤਾ ਕਿ ਸਰਕਾਰ ਹੈਲਪਲਾਈਨ ਬਣਾਉਣ ਬਾਰੇ ਵਿਚਾਰ ਕਰੇ । ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਮਾਮਲਾ ਉਸ ਕੋਲ ਹੈ। ਇਸ ਲਈ ਕਿਸੇ ਵੀ ਹਾਈ ਕੋਰਟ ਨੂੰ ਇਸ ਦੀ ਸੁਣਵਾਈ ਨਹੀਂ ਕਰਨੀ ਚਾਹੀਦੀ। ਹੁਣ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸੁਣਵਾਈ ਦੌਰਾਨ ਉਨ੍ਹਾਂ ਕਿਹਾ, ”ਕਿਰਪਾ ਕਰਕੇ ਦੱਸੋ ਅਦਾਲਤ ਕੀ ਕਰ ਸਕਦੀ ਹੈ? ਕੀ ਅਸੀਂ (ਰੂਸੀ) ਰਾਸ਼ਟਰਪਤੀ ਨੂੰ ਯੁੱਧ ਰੋਕਣ ਲਈ ਕਹਿ ਸਕਦੇ ਹਾਂ?” ਯੂਕਰੇਨ ‘ਚ ਫਸੀ ਪਟੀਸ਼ਨਕਰਤਾ ਫਾਤਿਮਾ ਅਹਨਾ ਦੇ ਵਕੀਲ ਏਐਮ ਡਾਰ ਨੇ ਵੀਰਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਓਡੇਸਾ ਮੈਡੀਕਲ ਯੂਨੀਵਰਸਿਟੀ ਦੇ 30 ਵਿਦਿਆਰਥੀ -7 ਡਿਗਰੀ ਤਾਪਮਾਨ ‘ਚ ਕਈ ਦਿਨਾਂ ਤੋਂ ਯੂਕਰੇਨ-ਰੋਮਾਨੀਆ ਸਰਹੱਦ ‘ਤੇ ਹਨ। ਇਸ ‘ਤੇ ਸੀਜੇਆਈ ਨੇ ਅਟਾਰਨੀ ਜਨਰਲ ਨੂੰ ਬੇਨਤੀ ਕੀਤੀ ਕਿ ਉਹ ਸਰਕਾਰ ਨਾਲ ਗੱਲ ਕਰਕੇ ਇਨ੍ਹਾਂ ਵਿਦਿਆਰਥਣਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ |