July 8, 2024 2:18 pm
CBI

ਸੁਪਰੀਮ ਕੋਰਟ ਨੇ ਪਰਮਬੀਰ ਖਿਲਾਫ ਭ੍ਰਿਸ਼ਟਾਚਾਰ ਦੇ ਪੰਜ ਮਾਮਲਿਆਂ ਦੀ ਜਾਂਚ CBI ਨੂੰ ਸੌਂਪੀ

ਚੰਡੀਗੜ੍ਹ 13 ਅਪ੍ਰੈਲ 2022: ਸੀਬੀਆਈ (CBI) ਨੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਖਿਲਾਫ ਭ੍ਰਿਸ਼ਟਾਚਾਰ ਦੇ ਪੰਜ ਮਾਮਲਿਆਂ ਦੀ ਜਾਂਚ ਮੁੰਬਈ ਪੁਲਿਸ ਤੋਂ ਲੈ ਲਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਆਧਾਰ ‘ਤੇ ਕੇਂਦਰੀ ਜਾਂਚ ਏਜੰਸੀ ਦੀ ਵਿਸ਼ੇਸ਼ ਅਪਰਾਧ ਸ਼ਾਖਾ ਨੇ ਬੁੱਧਵਾਰ ਦੇਰ ਸ਼ਾਮ ਮਾਮਲੇ ਦਰਜ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਪਰਮਬੀਰ ਸਿੰਘ ਖ਼ਿਲਾਫ਼ ਮੁੰਬਈ ਅਤੇ ਠਾਣੇ ਵਿੱਚ ਦਰਜ ਪੰਜ ਕੇਸ ਸੀਬੀਆਈ ਨੇ ਆਪਣੇ ਮੈਨੂਅਲ ਅਨੁਸਾਰ ਮੁੜ ਦਰਜ ਕੀਤੇ ਹਨ।

ਸੁਪਰੀਮ ਕੋਰਟ ਨੇ 24 ਮਾਰਚ ਨੂੰ ਸੁਣਵਾਈ ਕਰਦਿਆਂ ਇਨ੍ਹਾਂ ਮਾਮਲਿਆਂ ਦੀ ਜਾਂਚ ਸੀਬੀਆਈ (CBI) ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਸਨ। ਜਸਟਿਸ ਐਸਕੇ ਕੌਲ ਅਤੇ ਐਮਐਮ ਸੁੰਦਰੇਸ਼ ਦੀ ਬੈਂਚ ਨੇ ਕਿਹਾ ਸੀ ਕਿ ਰਾਜ ਪੁਲਿਸ ਵਿੱਚ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਇਸ ਜਾਂਚ ਦੀ ਲੋੜ ਹੈ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਕਰ ਉਸ ਵਿਰੁੱਧ ਹੋਰ ਐਫਆਈਆਰ ਦਰਜ ਹੁੰਦੀ ਹੈ ਤਾਂ ਇਸ ਨੂੰ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਪਰਮਬੀਰ ਸਿੰਘ ਦੀ ਮੁਅੱਤਲੀ ਨੂੰ ਰੱਦ ਨਹੀਂ ਕਰ ਰਹੀ ਹੈ।

ਪੁਲਿਸ ਅਧਿਕਾਰੀਆਂ ਨੂੰ ਸੀਬੀਆਈ ਨਾਲ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ

ਸੁਪਰੀਮ ਕੋਰਟ ਨੇ ਪਰਮਬੀਰ ਸਿੰਘ ਵਿਰੁੱਧ ਦਰਜ ਪੰਜ ਅਪਰਾਧਿਕ ਮਾਮਲਿਆਂ ਨੂੰ ਨਿਰਪੱਖ ਜਾਂਚ ਲਈ ਸੀਬੀਆਈ ਨੂੰ ਟਰਾਂਸਫਰ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਰਾਜ ਦੀ ਪੁਲਿਸ ਨੂੰ ਕਿਹਾ ਸੀ ਕਿ ਉਹ ਇੱਕ ਹਫ਼ਤੇ ਅੰਦਰ ਇਨ੍ਹਾਂ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਸੌਂਪਣ ਅਤੇ ਏਜੰਸੀ ਨਾਲ ਸਹਿਯੋਗ ਕਰਨ।

ਠਾਕਰੇ ਸਰਕਾਰ ਲਈ ਵੱਡਾ ਝਟਕਾ

ਸੁਪਰੀਮ ਕੋਰਟ ਦੇ ਇਸ ਹੁਕਮ ਨੂੰ ਸੂਬਾ ਸਰਕਾਰ ਲਈ ਝਟਕਾ ਮੰਨਿਆ ਜਾ ਰਿਹਾ ਹੈ। ਪਰਮਬੀਰ ਸਿੰਘ ਦੇ ਬਿਆਨਾਂ ਕਾਰਨ ਹੀ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਆਪਣੀ ਕੁਰਸੀ ਗਵਾਉਣੀ ਪਈ। ਪਰਮਬੀਰ ਨੇ ਦੇਸ਼ਮੁਖ ‘ਤੇ 100 ਕਰੋੜ ਰੁਪਏ ਵਸੂਲਣ ਦਾ ਦੋਸ਼ ਲਾਇਆ ਸੀ।

ਮੁੰਬਈ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਰਮਬੀਰ ਸਿੰਘ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਪੱਤਰ ਲਿਖਿਆ ਹੈ। ਇਸ ਵਿਚ ਪਰਮਬੀਰ ਸਿੰਘ ਨੇ ਦੋਸ਼ ਲਾਇਆ ਸੀ ਕਿ ਅਨਿਲ ਦੇਸ਼ਮੁਖ ਨੇ ਕਥਿਤ ਤੌਰ ‘ਤੇ ਮੁੰਬਈ ਪੁਲਿਸ ਦੇ ਬਰਖ਼ਾਸਤ ਅਧਿਕਾਰੀ ਸਚਿਨ ਵਾਜੇ ਨੂੰ ਕਥਿਤ ਤੌਰ ‘ਤੇ ਐਂਟੀਲੀਆ ਸੁਰੱਖਿਆ ਉਲੰਘਣ ਦੇ ਮਾਮਲੇ ਵਿਚ ਮੁੰਬਈ ਦੇ ਬਾਰਾਂ ਅਤੇ ਰੈਸਟੋਰੈਂਟਾਂ ਤੋਂ ਇਕ ਮਹੀਨੇ ਵਿਚ 100 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕਰਨ ਲਈ ਕਿਹਾ ਸੀ। ਇਸ ਦੋਸ਼ ਤੋਂ ਬਾਅਦ ਅਨਿਲ ਦੇਸ਼ਮੁਖ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।