ਚੰਡੀਗੜ੍ਹ ,25 ਅਪ੍ਰੈਲ 2023: ਦਿੱਲੀ ਦੇ ਜੰਤਰ-ਮੰਤਰ ‘ਤੇ ਮਹਿਲਾ ਪਹਿਲਵਾਨਾਂ (Wrestlers) ਦਾ ਧਰਨਾ ਮੰਗਲਵਾਰ ਨੂੰ ਤੀਜੇ ਦਿਨ ਵੀ ਜਾਰੀ ਹੈ । ਇਸ ਦੌਰਾਨ ਸੁਪਰੀਮ ਕੋਰਟ 7 ਮਹਿਲਾ ਪਹਿਲਵਾਨਾਂ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ। ਸੁਪਰੀਮ ਕੋਰਟ ਨੇ ਕਿਹਾ, ‘ਪਹਿਲਵਾਨਾਂ ਨੇ ਪਟੀਸ਼ਨ ‘ਚ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਹਨ। ਇਨ੍ਹਾਂ ‘ਤੇ ਵਿਚਾਰ ਕਰਨ ਦੀ ਲੋੜ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ।
ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਵੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ FIR ਦਰਜ ਨਾ ਕਰਨ ਲਈ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ 7 ਮਹਿਲਾ ਸ਼ਿਕਾਇਤਕਰਤਾਵਾਂ ਦੇ ਨਾਂ ਨਿਆਂਇਕ ਰਿਕਾਰਡ ਤੋਂ ਹਟਾਉਣ ਲਈ ਕਿਹਾ, ਤਾਂ ਜੋ ਉਨ੍ਹਾਂ ਦੀ ਪਛਾਣ ਸਾਹਮਣੇ ਨਾ ਆਵੇ। 7 ਮਹਿਲਾ ਪਹਿਲਵਾਨਾਂ ਨੇ ਸੋਮਵਾਰ ਨੂੰ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਖਿਲਾਫ ਐੱਫਆਈਆਰ ਦਰਜ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੈ।
ਪਹਿਲਵਾਨਾਂ (Wrestlers) ਦੇ ਵਕੀਲ ਨਰਿੰਦਰ ਹੁੱਡਾ ਨੇ ਕਿਹਾ ਕਿ “ਅਸੀਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਮੰਗੇ ਹਨ।” ਗੰਭੀਰ ਦੋਸ਼ਾਂ ਦੇ ਬਾਵਜੂਦ ਦਿੱਲੀ ਪੁਲਿਸ ਇਸ ਮਾਮਲੇ ਵਿੱਚ ਕੋਈ ਐਫਆਈਆਰ ਦਰਜ ਨਹੀਂ ਕਰ ਰਹੀ ਹੈ। ਸੁਪਰੀਮ ਕੋਰਟ ਨੇ ਮਾਮਲੇ ਨੂੰ ਗੰਭੀਰ ਮੰਨਿਆ ਅਤੇ ਦਿੱਲੀ ਸਰਕਾਰ ਅਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਇਸ ਦੌਰਾਨ ਕੇਂਦਰੀ ਖੇਡ ਮੰਤਰਾਲੇ ਦੀ ਓਵਰਸਾਈਟ ਕਮੇਟੀ ਦੀ ਮੈਂਬਰ ਬਬੀਤਾ ਫੋਗਾਟ ਨੇ ਕਿਹਾ ਕਿ ਜਾਂਚ ਸਹੀ ਢੰਗ ਨਾਲ ਨਹੀਂ ਹੋਈ, ਮੈਨੂੰ ਰਿਪੋਰਟ ਪੜ੍ਹਨ ਤੱਕ ਵੀ ਨਹੀਂ ਦਿੱਤੀ ਗਈ। ਬਬੀਤਾ ਨੇ ਕਿਹਾ ਕਿ ਰਿਪੋਰਟ ਸਾਰਿਆਂ ਦੀ ਸਹਿਮਤੀ ਨਾਲ ਨਹੀਂ ਬਣੀ | ਜਾਂਚ ਰਿਪੋਰਟ ਪੜ੍ਹਦਿਆਂ ਹੀ ਇਹ ਮੇਰੇ ਹੱਥੋਂ ਖੋਹ ਲਈ ਗਈ। ਸਾਈ ਦੇ ਨਿਰਦੇਸ਼ਕ ਅਤੇ ਜਾਂਚ ਕਮੇਟੀ ਦਾ ਹਿੱਸਾ ਰਹੀ ਰਾਧਿਕਾ ਸ੍ਰੀਮਾਨ ਨੇ ਵੀ ਮੇਰੇ ਨਾਲ ਦੁਰਵਿਵਹਾਰ ਕੀਤਾ। ਮੇਰੇ ਕਈ ਬਿੰਦੂਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਮੈਂ ਉਸ ਰਿਪੋਰਟ ਵਿੱਚ ਆਪਣਾ ਇਤਰਾਜ਼ ਦਰਜ ਕਰਵਾਇਆ ਹੈ।
ਦੂਜੇ ਇਸ ਮਾਮਲੇ ਨੂੰ ਲੈ ਕੇ WFI ਨੇ ਕਿਹਾ ਕਿ ਪਹਿਲਵਾਨ ਸੰਸਥਾਵਾਂ ‘ਤੇ ਦਬਾਅ ਪਾ ਕੇ ਕਮੇਟੀਆਂ ਦਾ ਗਠਨ ਕਰਵਾਉਂਦੇ ਹਨ। ਜਦੋਂ ਜਾਂਚ ਫੈਸਲੇ ‘ਤੇ ਪਹੁੰਚ ਜਾਂਦੀ ਹੈ, ਹਰ ਕਿਸੇ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਅਤੇ ਸਿਸਟਮ ਅਤੇ ਕਾਨੂੰਨ ਵਿੱਚ ਵਿਸ਼ਵਾਸ ਦਿਖਾਏ ਬਿਨਾਂ ਸ਼ਕਤੀ ਪ੍ਰਦਰਸ਼ਨ ਕਰਨਾ ਕਿੰਨਾ ਉਚਿਤ ਹੈ?