ਚੰਡੀਗੜ੍ਹ 11 ਫਰਵਰੀ 2022: ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ| ਇਸਦੇ ਨਾਲ ਹੀ ਸਿਆਸੀ ਪਾਰਟੀਆਂ ਵਲੋਂ ਇਕ ਦੂਜੇ ‘ਤੇ ਕਰੜੇ ਹਮਲੇ ਕੀਤੇ ਜਾ ਰਹੇ ਹਨ | ਇਸ ਦੌਰਾਨ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫਰੰਸ ਕੀਤੀ ।ਇਸ ਦੌਰਾਨ ਉਨ੍ਹਾਂ ਨਾਲ ਏ. ਆਈ. ਸੀ. ਸੀ. ਮੀਡੀਆ ਇੰਚਾਰਜ ਪਵਨ ਖੇੜਾ ਵੀ ਮੌਜੂਦ ਸਨ। ਸੁਨੀਲ ਜਾਖੜ ਨੇ ਭਾਜਪਾ ‘ਤੇ ਨਿਸ਼ਾਨਾ ਵਿੰਨਦਿਆ ਹੋਏ ਕਿਹਾ ਕਿ ਭਾਜਪਾ ਦੇ ਗਠਜੋੜ ਵਾਲੀਆਂ ਪਾਰਟੀਆਂ ‘ਚੋਂ ਭਾਵੇਂ ਕਿਸੇ ਵੀ ਪਾਰਟੀ ਦਾ ਬਟਨ ਨੱਪ ਦਿਓ, ਵੋਟਾਂ ਭਾਜਪਾ ਨੂੰ ਹੀ ਪੈਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਜਿਹੜਾ ਵਰਤਾਓ ਕੀਤਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ।
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਵੋਟਾਂ ਭਾਜਪਾ ਨੂੰ ਹੀ ਦੇਣੀਆਂ ਹਨ ਤਾਂ ਫਿਰ ਏਜੰਟ ਕਿਉਂ ਰੱਖੇ ਗਏ ਹਨ। ਜੇਕਰ ਭਾਜਪਾ ਨੂੰ ਹੀ ਵੋਟ ਪਾਉਣੀ ਹੈ ਤਾਂ ਫਿਰ ਸਿੱਧਾ ਪਾਓ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਉਮੀਦਵਾਰ ਵੀ ਇਹੀ ਗੱਲ ਕਹਿ ਰਹੇ ਸਨ ਕਿ ਉਹ ਭਾਜਪਾ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨਗੇ ਤਾਂ ਫਿਰ ਉਹ ਇਕ ਪਾਸੇ ਹੋ ਜਾਣ ਅਤੇ ਭਾਜਪਾ ਦੇ ਚੋਣ ਨਿਸ਼ਾਨ ‘ਤੇ ਹੀ ਲੜਨ, ਲੋਕਾਂ ਨੂੰ ਭੰਬਲਭੂਸੇ ‘ਚ ਨਾ ਪਾਉਣ।
ਸੁਨੀਲ ਜਾਖੜ ਨੇ ਕਿਹਾ ਕਿ ਇਨ੍ਹਾਂ ਗੱਲਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 700 ਤੋਂ ਜ਼ਿਆਦਾ ਕਿਸਾਨਾਂ ਨੇ ਕੁਰਬਾਨੀਆਂ ਦਿੱਤੀਆਂ ਹਨ ਅਤੇ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਣੀ ਚਾਹੀਦੀ। ਇਸ ਮੌਕੇ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੀ ਇਨ੍ਹਾਂ ਕਾਲੇ ਕਾਨੂੰਨਾਂ ਦਾ ਸਮਰਥਨ ਕੀਤਾ ਸੀ।