cm channi

ਸੁਖਦਰਸ਼ਨ ਸਿੰਘ ਮਰਾੜ੍ਹ ਸਨ ਲੋਕਾਂ ਦੇ ਸੱਚੇ ਆਗੂ : ਚਰਨਜੀਤ ਸਿੰਘ ਚੰਨੀ

ਸ੍ਰੀ ਮੁਕਤਸਰ ਸਾਹਿਬ 18 ਦਸੰਬਰ 2021 : ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  (CM Charanjit Singh Channi)ਨੇ ਅੱਜ ਇੱਥੇ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਸਵ: ਸੁਖਦਰਸ਼ਨ ਸਿੰਘ ਮਰਾੜ੍ਹ (Sukhdarshan Singh Mararh) ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਵ: ਮਰਾੜ੍ਹ ਲੋਕਾਂ ਨਾਲ ਨੇੜਿਓ ਜੁੜਿਆਂ ਅਜਿਹਾ ਆਗੂ ਸੀ ਜੋ ਆਪਣੇ ਪੰਜ ਦਹਾਕਿਆਂ ਦੇ ਲੰਬੇ ਸਿਆਸੀ ਕੈਰੀਅਰ ਦੌਰਾਨ ਅਨੇਕ ਮਹੱਤਵਪੂਰਨ ਰਾਜਸੀ ਅਹੁਦਿਆਂ ‘ਤੇ ਰਹੇ। ਮੁੱਖ ਮੰਤਰੀ ਨੇ ਕਿਹਾ ਕਿ 2002 ਤੋਂ 2007 ਤੱਕ ਵਿਧਾਨ ਸਭਾ ਵਿਚ ਆਪਣੇ ਹਲਕੇ ਦੀ ਨੁੰਮਾਇੰਦਗੀ ਕਰਨੀ ਤੋਂ ਇਲਾਵਾ ਸੁਖਦਰਸ਼ਨ ਸਿੰਘ ਮਰਾੜ੍ਹ ਪ੍ਰਾਈਮਰੀ ਕੋਆਪ੍ਰੇਟਿਵ ਵਿਕਾਸ ਬੈਂਕ ਦੇ ਡਾਇਰੈਕਟਰ, ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਜਿ਼ਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰ, ਮਾਰਕਿਟ ਕਮੇਟੀ ਦੇ ਮੈਂਬਰ ਅਤੇ ਪਿੰਡ ਮਰਾੜ੍ਹ ਕਲਾਂ ਦੇ 25 ਸਾਲ ਤੱਕ ਸਰਪੰਚ ਰਹੇ।


ਮੁੱਖ ਮੰਤਰੀ ਨੇ ਸਾਬਕਾ ਵਿਧਾਇਕ ਵੱਲੋਂ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਕੋਈ ਵੀ ਆਗੂ ਆਪਣੇ ਲੋਕਾਂ ਦੇ ਪਿਆਰ ਬਿਨ੍ਹਾਂ ਸਿਆਸੀ ਜੀਵਨ ‘ਚ ਉਨ੍ਹਾਂ ਵਾਂਗ ਸਫਲ ਨਹੀਂ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਵ: ਮਰਾੜ੍ਹ ਨੇ ਸਖ਼ਤ ਮਿਹਨਤ ਨਾਲ ਅਤੇ ਲੋਕਾਂ ਨਾਲ ਜੁੜ ਕੇ ਉਨ੍ਹਾਂ ਦਾ ਆਗੂ ਬਣ ਕੇ ਇਹ ਮੰਜਿਲਾਂ ਸਰ ਕੀਤੀਆਂ ਸਨ।ਉਨ੍ਹਾਂ ਨੇ ਕਿਹਾ ਕਿ ਸਵ: ਮਰਾੜ ਹਮੇਸਾ ਸਮਾਜ ਦੇ ਕਮਜੋਰ ਵਰਗਾਂ ਦੀ ਬਿਹਤਰੀ ਲਈ ਯਤਨਸ਼ੀਲ ਰਹੇ। ਸਾਬਕਾ ਵਿਧਾਇਕ ਸਵ: ਮਰਾੜ੍ਹ ਦੇ ਸਪੁੱਤਰ ਰਾਜ ਬਲਵਿੰਦਰ ਸਿੰਘ ਮਰਾੜ੍ਹ ਦੀਆਂ ਇਲਾਕੇ ਸਬੰਧੀ ਕੀਤੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਪੰਜਾਬ ਯੁਨੀਵਰਸਿਟੀ ਦੇ ਖੇਤਰੀ ਕੇਂਦਰ ਲਈ 10 ਕਰੋੜ ਰੁਪਏ ਅਤੇ ਊਦੇਕਰਨ ਮਾਇਨਰ ਸਮੇਤ ਇਲਾਕੇ ਦੀਆਂ ਨਹਿਰਾਂ ਲਈ 2.5 ਕਰੋੜ ਰੁਪਏ ਦੇਣ ਦਾ ਐਲਾਣ ਵੀ ਕੀਤਾ।
ਇਸ ਮੌਕੇ ਸਾਬਕਾ ਵਿਧਾਇਕ ਸ੍ਰੀਮਤੀ ਕਰਨ ਕੌਰ ਬਰਾੜ, ਸ: ਜ਼ਸਪਾਲ ਸਿੰਘ ਮਰਾੜ੍ਹ, ਜਗਜੀਤ ਸਿੰਘ ਹੰਨੀ ਫੱਤਣਵਾਲਾ, ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਅਤੇ ਐਸਐਸਪੀ ਸਰਬਜੀਤ ਸਿੰਘ ਵੀ ਹਾਜਰ ਸਨ।

Scroll to Top