ਚੰਡੀਗੜ੍ਹ 19 ਅਗਸਤ 2022: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਗਿੱਦੜਬਾਹਾ ਦੇ ਡਰੇਨੇਜ ਵਿਭਾਗ ਦੇ ਦੋਵੇਂ ਦਫ਼ਤਰਾਂ ਨੂੰ ਮੁੜ ਸੁਰਜੀਤ ਕਰਨ ਅਤੇ ਇਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ |
ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡਿਆ ਦੇ ਪੋਸ ਸਾਂਝੀ ਕਰਦਿਆਂ ਲਿਖਿਆ ਕਿ ਲੰਬੀ, ਮਲੋਟ, ਅਬੋਹਰ, ਗਿੱਦੜਬਾਹਾ ਦੇ ਇਲਾਕਿਆਂ ਵਿੱਚ ਸੇਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਮਸਲਾ ਅੱਜ ਸਭ ਦੇ ਸਾਹਮਣੇ ਹੈ। ਮੌਜੂਦਾ ਸਰਕਾਰ ਦੀ ਨਲਾਇਕੀ ਕਾਰਨ ਪਿਛਲੇ ਦਿਨੀਂ ਇੱਥੇ ਆਏ ਹੜ੍ਹਾਂ ਨਾਲ ਇਲਾਕੇ ਦਾ ਬੇਹਿਸਾਬ ਨੁਕਸਾਨ ਹੋਇਆ ਹੈ।
ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਜਿੰਮੇਵਾਰੀ ਸਮਝਦਿਆਂ ਲੋਕਾਂ ਦੀ ਮਦਦ ਲਈ ਮਸ਼ੀਨਰੀ ਅਤੇ ਸਿਹਤ ਸੁਵਿਧਾਵਾਂ ਦੀ ਸੇਵਾ ਨਿਭਾਈ, ਉਸ ਦੇ ਉਲਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਜਲ ਨਿਕਾਸੀ ਮਹਿਕਮੇ ਦੇ ਇਸ ਸਰਕਲ (ਗਿਦੜਬਾਹਾ) ਦੇ ਦੋਵੇਂ ਦਫ਼ਤਰ ਹੀ ਬੰਦ ਕਰਕੇ ਸਾਰੇ ਅਮਲੇ ਨੂੰ ਦੂਰ ਦੁਰਾਡੇ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਰਕਾਰ ਦੇ ਇਸ ਗ਼ਲਤ ਫੈਸਲੇ ਨਾਲ ਇਹ ਇਲਾਕਾ ਹੋਰ ਵੱਡੇ ਸੰਕਟ ਵਿੱਚ ਪੈ ਜਾਵੇਗਾ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਜ਼ਮੀਨੀ ਹਲਾਤਾਂ ਤੋਂ ਜਾਣੂ ਹੋਵੋ ਅਤੇ ਸਮਝੋ ਕਿ ਇਸ ਸੇਮ ਪ੍ਰਭਾਵਿਤ ਇਲਾਕੇ ਦੀ ਸਥਿਤੀ ਮੁਤਾਬਕ ਇਕੱਲਾ ਮੁਕਤਸਰ ਮੰਡਲ ਸੇਵਾਵਾਂ ਲਈ ਸਮਰੱਥ ਨਹੀਂ ਹੋਵੇਗਾ | ਇਸ ਲਈ ਉਕਤ ਦੋਹਾਂ ਦਫ਼ਤਰਾਂ ਨੂੰ ਹੋਰ ਸਮਰੱਥ ਕਰਕੇ ਇਸੇ ਇਲਾਕੇ ਵਿੱਚ ਇਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣ |