Site icon TheUnmute.com

ਅੱਜ CM ਭਗਵੰਤ ਮਾਨ ਦੇ ਘਰ ਵੱਲ ਜਾਣਗੇ ਸੁਖਬੀਰ ਸਿੰਘ ਬਾਦਲ, ਬਹਿਸ ਦੀ ਦਿੱਤੀ ਸੀ ਚੁਣੌਤੀ

Sukhbir Singh Badal

ਚੰਡੀਗੜ੍ਹ, 10 ਅਕਤੂਬਰ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਸੀ, ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਮਸਲਿਆਂ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ। ਅੱਜ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਭਗਵੰਤ ਮਾਨ ਘਰ ਵੱਲ ਜਾਣਗੇ | ਇਸਦੇ ਨਾਲ ਹੀ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼ਾਮਲ ਹੋਣਗੇ |

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਨੂੰ ਮੇਰਾ ਖੁੱਲ੍ਹਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿਚ-ਕਿਚ ਨਾਲੋਂ ਆਜੋ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕਿਸ ਨੇ ਕਿਵੇਂ ਲੁੱਟਿਆ, ਭਾਈ-ਭਤੀਜੇ, ਸਾਲੇ-ਜੀਜੇ, ਮਿੱਤਰ ਮੁਲਾਹਜ਼ੇ, ਟੋਲ ਪਲਾਜ਼ੇ, ਜਵਾਨੀ ਕਿਸਾਨੀ, ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ ਵਰਗੇ ਸਾਰੇ ਮੁੱਦਿਆਂ ’ਤੇ ਲਾਈਵ ਬਹਿਸ ਕਰੀਏ।

ਇਸ ’ਤੇ ਸੁਖਬੀਰ ਬਾਦਲ (Sukhbir Singh Badal) ਨੇ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ 1 ਨਵੰਬਰ ਤਾਂ ਅਜੇ ਬਹੁਤ ਦੂਰ ਹੈ। ਮੈਂ ਆ ਰਿਹਾ ਹਾਂ ਤੇਰੇ ਘਰ ਚੰਡੀਗੜ੍ਹ 10 ਅਕਤੂਬਰ ਨੂੰ। ਜੇ ਹਿੰਮਤ ਹੈ ਤਾਂ ਬਾਹਰ ਆ ਕੇ ਮਿਲਣਾ ਜ਼ਰੂਰ। ਪੰਜਾਬ ਦੇ ਪਾਣੀਆਂ ਸਮੇਤ ਸੂਬੇ ਦੇ ਹਰ ਮੁੱਦੇ ’ਤੇ ਕਰਾਂਗੇ ਸਿੱਧੀ ਗੱਲਬਾਤ, ਉਹ ਵੀ ਸਾਰੇ ਮੀਡੀਆ ਦੇ ਸਾਹਮਣੇ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਇਹ ਵੀ ਆਖਿਆ ਹੈ ਕਿ ਇਕ ਵਾਰ ਪੰਜਾਬ ਦੇ ਅਸਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਉਥੇ ਹੀ ਬੁਲਾ ਲੈਣਾ ਕਿਉਂਕਿ ਤੇਰੇ ਪੱਲੇ ਤਾਂ ਕੁੱਝ ਹੈ ਨਹੀਂ, ਤੂੰ ਤਾਂ ਇਕੱਲਾ ਮੋਹਰਾ ਹੈਂ, ਇਸ ਕਰਕੇ ਤਾਂ ਤੂੰ ਮੁੱਕਰਨ ਲੱਗੇ ਵੀ ਮਿੰਟ ਲਾਉਂਦਾ ਹੈਂ।

Exit mobile version