ਹਾਲ ਹੀ ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਵਿਭਾਗ

ਸਿੱਖਿਆ ਵਿਭਾਗ ਵਿੱਚ ਵਿਲੱਖਣ ਭੂਮਿਕਾ ਨਿਭਾਉਣ ਵਾਲੀ ਸੁਖਬੀਰ ਕੌਰ ਦੀ ਹੋਈ ਸਟੇਟ ਐਵਾਰਡ ਲਈ ਚੋਣ

ਚੰਡੀਗੜ੍ਹ , 4 ਸਤੰਬਰ 2021 : ਹਾਲ ਹੀ ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਵਿਭਾਗ ਵਿੱਚ ਵਿਲੱਖਣ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਦੀ ਸਟੇਟ ਐਵਾਰਡ ਲਈ ਚੋਣ ਕੀਤੀ ਗਈ ਹੈ। ਇਹਨਾਂ ਚੁਣੇ ਅਧਿਆਪਕਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਸੁਖਬੀਰ ਕੌਰ ਅਧਿਆਪਕਾ ਹੈ, ਜਿਸਨੇ ਆਪਣੇ ਸਕੂਲ ਨੂੰ ਪ੍ਰਵਾਸੀ ਭਾਰਤੀਆਂ ਦੀ ਮੱਦਦ ਅਤੇ ਵਿਭਾਗ ਦੇ ਸਹਿਯੋਗ ਨਾਲ ਨਾ ਸਿਰਫ਼ ਮਾਡਰਨ ਸਕੂਲ ਬਣਾਇਆ ਹੈ, ਸਗੋਂ ਬਹੁਤ ਖੂਬਸੂਰਤ ਨਵੀਂ ਇਮਾਰਤ ਵੀ ਬਣਵਾਈ ਹੈ, ਕਿਉਂਕਿ ਜੇਕਰ ਇਨਸਾਨ ਦਿਲ ਤੋਂ ਠਾਣ ਲਵੇ ਕਿ ਉਸਨੇ ਕੋਈ ਕੰਮ ਕਰਨਾ ਹੈ ਤਾਂ ਫਿਰ ਅਸੰਭਵ ਨੂੰ ਸੰਭਵ ਹੁੰਦਿਆਂ ਦੇਰ ਨਹੀਂ ਲੱਗਦੀ, ਕਿਉਂਕਿ ਹਿੰਮਤਾਂ ਦੇ ਸਫਰ ‘ਤੇ ਰਾਹ ਵਿੱਚ ਨਾ-ਮੁਮਕਿਨ ਵਾਲੇ ਮੀਲ ਪੱਥਰ ਨਹੀਂ ਦਿਸਦੇ।

ਇਹ ਹੌਂਸਲਾ, ਹਿੰਮਤ ਅਤੇ ਸਕਾਰਾਤਮਕ ਸੋਚ ਹੀ ਹੁੰਦੀ ਹੈ ਕਿ ਜਦੋਂ ਕੋਈ ਵਿਅਕਤੀ ‘ਕੱਲਾ ਹੀ ਕੁਝ ਕੰਮ ਕਰਨ ਲੱਗਦਾ ਹੈ ਤਾਂ ਸਭ ਤੋਂ ਪਹਿਲਾਂ ਉਸਨੂੰ ਲੋਕਾਂ ਦੀ ਵਿਰੋਧਤਾ ਝੱਲਣੀ ਪੈਂਦੀ ਹੈ ਅਤੇ ਕੁਝ ਸਮੇਂ ਬਾਅਦ ਉਸ ਨਾਲ ਹੌਲੀ-ਹੌਲੀ ਕਾਫ਼ਿਲਾ ਜੁੜ ਜਾਂਦਾ ਹੈ। ਕੁਝ ਅਜਿਹਾ ਹੀ ਕਰ ਦਿਖਾਇਆ ਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਹਰਦੋਬਥਵਾਲਾ, ਬਲਾਕ ਗੁਰਦਾਸਪੁਰ-2 ਜਿਲ੍ਹਾ ਗੁਰਦਾਸਪੁਰ ਵਿਖੇ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੀ ਈ.ਟੀ.ਟੀ ਅਧਿਆਪਕਾ ਸੁਖਬੀਰ ਕੌਰ ਨੇ, ਜਿਸਨੇ ਆਪਣੀ ਹਿੰਮਤ ਸਦਕਾ ਜਿੱਥੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਬਣਾਇਆ ਉੱਥੇ ਹੀ ਸਕੂਲ ਇਮਾਰਤ ਦੀ ਦਿੱਖ ਬਦਲਣ ਦੇ ਨਾਲ-ਨਾਲ ਸਕੂਲ ਪੜ੍ਹਦੇ ਬੱਚਿਆਂ ਨੂੰ ਹਰ ਤਰਾਂ ਦੇ ਮੁਕਾਬਲਿਆਂ ਲਈ ਤਿਆਰ ਕਰਕੇ ਉਹਨਾਂ ਨੂੰ ਵਧੀਆ ਪੁਜੀਸ਼ਨਾਂ ਵੀ ਦਿਵਾਈਆਂ ਹਨ। ਇਹੀ ਕਾਰਨ ਹੈ ਕਿ ਸੁਖਬੀਰ ਕੌਰ ਬਹੁਤ ਸਾਰੇ ਸਰਕਾਰੀ ਅਧਿਆਪਕਾਂ ਲਈ ਰਾਹ ਦਿਸੇਰਾ ਅਤੇ ਬੱਚਿਆਂ ਲਈ ਰੋਲ ਮਾਡਲ ਹੈ।

ਸਮੇਂ ਦੀ ਪਾਬੰਧ ਅਧਿਆਪਕਾ ਸੁਖਬੀਰ ਕੌਰ ਦੀ ਅਣਥੱਕ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀਆਂ ਦੇ ਨਤੀਜੇ ਪਿਛਲੇ ਸਾਲਾ ਦੌਰਾਨ ਅਤੇ ਮੌਜੂਦਾ ਸਮੇਂ ਵਿੱਚ ਵੀ 100 ਫੀਸਦੀ ਰਹੇ ਹਨ। ਵਿਦਿਆਰਥੀਆਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਸਮਾਜਿਕ ਭਾਈਚਾਰੇ ਨੂੰ ਉਤਸ਼ਾਹਿਤ ਕਰਕੇ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਸੁਖਬੀਰ ਨੇ ਵਿਲੱਖਣ ਯੋਗਦਾਨ ਪਾਇਆ ਹੈ ਅਤੇ ਆਪਣੇ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਦਿਵਾਇਆ, ਜਿਸ ਕਰਕੇ ਸਿੱਖਿਆ ਸਕੱਤਰ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਹੁਣ ਸਰਕਾਰ ਵੱਲੋਂ ਸਮਾਰਟ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਨਾਲ ਸੁਖਬੀਰ ਕੌਰ ਨੇ ਸਿੱਖਿਆ ਵਿਭਾਗ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਕੂਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਵਿਉਂਤਬੰਦੀ ਬਣਾਈ ਹੈ।

ਸੁਖਬੀਰ ਕੌਰ ਅਧਿਆਪਕ ਹੋਣ ਦੇ ਨਾਲ-ਨਾਲ ਜਲੰਧਰ ਦੂਰਦਰਸ਼ਨ ਦੀ ਨਾਮੀਂ ਟੀ.ਵੀ ਐਂਕਰ ਵੀ ਹਨ ਅਤੇ ਉਹਨਾਂ ਨੇ ਵੱਖ ਵੱਖ ਟੀ.ਵੀ ਪ੍ਰੋਗਰਾਮਾਂ ਰਾਹੀਂ ਸਿੱਖਿਆ, ਸਭਿਆਚਾਰ, ਪੰਜਾਬੀ ਬੋਲੀ, ਸਿਹਤ ਸੇਵਾਵਾਂ ਅਤੇ ਰਾਸ਼ਟਰੀ ਏਕਤਾ ਰਾਹੀਂ ਸਮਾਜ ਨੂੰ ਜਾਗਰੂਕ ਕੀਤਾ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਮਿਸਾਲੀ ਸੇਵਾਵਾਂ ਦਿੱਤੀਆਂ ਹਨ। ਉਹਨਾਂ ਨੇ ਸਕੂਲ, ਬਲਾਕ, ਜਿਲ੍ਹਾ ਅਤੇ ਸਟੇਟ ਪੱਧਰ ‘ਤੇ ਕਈ ਸੈਮੀਨਾਰ ਲਗਾ ਕੇ ਅਤੇ ਆਪਣੀਆਂ ਸਾਕਾਰਾਤਮਕ ਲਿਖਤਾਂ ਨਾਲ ਸਿੱਖਿਆ ਵਿਭਾਗ ਨੂੰ ਪ੍ਰਫੂਲਿਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ, ਸਹਿ ਵਿੱਦਿਅਕ ਗਤੀਵਿਧੀਆ, ਗੁਣਾਤਮਕ ਸਿੱਖਿਆ, ਸਿੱਖਿਆ ਵਿਭਾਗ ਵਿੱਚ ਨਿਵੇਕਲੇ ਕਾਰਜਾਂ ਅਤੇ ਨਵੀਨ ਤਕਨੀਕਾਂ ਦੀ ਵਰਤੋਂ ਕਰਕੇ ਸਿੱਖਣ ਪ੍ਰਕ੍ਰਿਆ ਨੂੰ ਉਪਯੋਗੀ ਬਣਾਇਆ ਹੈ। ਆਪਣੀ ਸਕੂਲ ਸਮੇਂ ਦੀ ਡਿਊਟੀ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਲਗਾਈਆਂ ਗਈਆਂ ਜਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਡਿਊਟੀਆਂ ਤਨਦੇਹੀ ਨਾਲ ਨਿਭਾਈਆਂ ਹਨ। ਸੁਖਬੀਰ ਕੌਰ ਦੀਆਂ ਨਿਰਸਵਾਰਥ ਸੇਵਾਵਾਂ ਕਰਕੇ ਉਹਨਾਂ ਨੂੰ ਕਈ ਸਮਾਜਿਕ ਸੰਸਥਾਵਾਂ ਅਤੇ ਜਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਤੇ ਗਣਤੰਤਰ ਦਿਵਸ ਦੇ ਸਰਕਾਰੀ ਸਮਾਰੋਹਾਂ ਵਿੱਚ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਕੋਵਿਡ-19 ਮਹਾਂਮਾਰੀ ਦੌਰਾਨ ਸੁਖਬੀਰ ਕੌਰ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਬਾਬਤ ਦਿੱਤੀਆਂ ਸੇਵਾਵਾਂ ਸ਼ਲਾਘਾਯੋਗ ਹਨ। ਸਿੱਖਿਆ ਵਿਭਾਗ ਵੱਲੋਂ ਡੀ.ਡੀ. ਪੰਜਾਬੀ ਤੇ ਚਲਾਈਆਂ ਜਾ ਰਹੀਆਂ ਆਨ ਲਾਈਨ ਜਮਾਤਾਂ ਅਤੇ ਨੰਨੇ ਉਸਤਾਦ ਪ੍ਰੋਗਰਾਮ ਵਿੱਚ ਵੀ ਸੁਖਬੀਰ ਅਤੇ ਉਹਨਾਂ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਦੇਸ਼ ਦੀ ਅਜਾਦੀ ਦੀ 75 ਵੀੰ ਵਰ੍ਹੇਗੰਢ ਨੂੰ ਸਮਰਪਿਤ ਵਿਦਿਅਕ ਮੁਕਾਬਲਿਆਂ ਵਿੱਚ ਬਤੌਰ, ਨੋਡਲ ਅਫਸਰ ਆਪਣੀਆ ਸ਼ਲਾਘਾਯੋਗ ਸੇਵਾਵਾਂ ਦੇ ਰਹੇ ਹਨ |

ਉਹਨਾਂ ਨੇ ਸਿੱਖਿਆ ਵਿਭਾਗ ਵਿੱਚ ਸਿੱਖਿਆ ਨੂੰ ਮੋਹਰੀ ਬਣਾਉਣ ਲਈ ਪਬਲੀਕੇਸ਼ਨ ਰਾਹੀਂ ਬਹੁਤ ਸਾਰੀਆਂ ਸਕਾਰਾਤਮਕ ਲਿਖਤਾਂ ਦਿੱਤੀਆਂ ਹਨ। ਉਹਨਾਂ ਦੇ ਸਕੂਲ ਦੀ ਵਿਲੱਖਣਤਾ ਇਹ ਵੀ ਹੈ ਕਿ ਇਸ ਸਕੂਲ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਮਾਧਿਅਮਾਂ ਵਿੱਚ ਹੀ ਬੱਚਿਆਂ ਨੂੰ ਪ੍ਰਪੱਕ ਕੀਤਾ ਜਾਂਦਾ ਹੈ। ਸੁਖਬੀਰ ਕੌਰ ਦਾ ਸੁਪਨਾ ਹੈ ਕਿ ਉਸਦਾ ਸਕੂਲ ਇਲਾਕੇ ਦੇ ਸਾਰੇ ਨਿੱਜੀ ਸਕੂਲਾਂ ਦੇ ਮੁਕਾਬਲੇ ਹਰ ਪੱਖੋਂ ਮੋਹਰੀ ਰਹੇ ਅਤੇ ਇਸ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀ ਆਪੋ ਆਪਣੀ ਜ਼ਿੰਦਗੀ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਤਾਂ ਜੋ ਉਹਨਾਂ ਦੀ ਕਾਮਯਾਬੀ ਨੂੰ ਦੇਖ ਕੇ ਮਾਪਿਆਂ ਦੇ ਚਿਹਰਿਆਂ ‘ਤੇ ਵੱਖਰੀ ਖੁਸ਼ੀ ਹੋਵੇ ਅਤੇ ਸਾਰੇ ਮਾਪੇ ਅਤੇ ਸਮਾਜ ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ‘ਤੇ ਮਾਣ ਮਹਿਸੂਸ ਕਰਨ।  ਸੁਖਬੀਰ ਕੌਰ ਅਜੌਕੇ ਸਮਾਜ ਦੀ ਅਸਲੀ ਨਾਇਕਾ ਹਨ, ਜਿਹਨਾਂ ਨੇ ਆਪਣੀ ਹਿੰਮਤ ਨਾਲ ਸਕੂਲ ਦੀ ਨੁਹਾਰ ਬਦਲੀ ਹੈ।

Scroll to Top