ਚੰਡੀਗੜ੍ਹ 11 ਫਰਵਰੀ 2022: ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜਰ ਸਿਆਸੀ ਪਾਰਟੀਆਂ ਵੱਲੋਂ ਰੈਲੀਆਂ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੂਰਬੀ ਵਿਖੇ ਰੈਲੀ ਕੀਤੀ ਗਈ।ਇਸ ਰੈਲੀ ‘ਚ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਦੀ ਅਗਵਾਈ ‘ਚ ਤਿੰਨ ਮੌਜੂਦਾ ਕਾਂਗਰਸੀ ਕੌਂਸਲਰ ਤੇ ਹੋਰ ਖੇਤਰਾਂ ਦੇ ਆਗੂ ਪਾਰਟੀ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਚੋਣਾਂ ‘ਚ ਅਕਾਲੀ ਦਲ ਨੂੰ ਪੂਰਬ ਤੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਹੰਕਾਰੀ ਰਵੱਈਏ ਤੋਂ ਦੁਖੀ ਹੋ ਕੇ ਕਈ ਕਾਂਗਰਸੀ ਵਰਕਰ ਅਤੇ ਕਾਂਗਰਸੀ ਕੌਂਸਲਰ ਅਕਾਲੀ ਦਲ ‘ਚ ਸ਼ਾਮਲ ਹੋ ਰਹੇ ਹਨ। ਸੁਖਬੀਰ ਨੇ ਕਿਹਾ ਕਿ ਨਵਜੋਤ ਸਿੱਧੂ ਸਮੇਤ ਕਈ ਕਾਂਗਰਸੀ ਉਮੀਦਵਾਰਾਂ ਨੇ ਪੈਸੇ ਦੇ ਕੇ ਟਿਕਟਾਂ ਖਰੀਦੀਆਂ ਹਨ। ਆਮ ਆਦਮੀ ਪਾਰਟੀ ‘ਚ ਵੀ ਪੈਸੇ ਲਈ ਟਿਕਟਾਂ ਵੇਚੀਆਂ ਜਾਂਦੀਆਂ ਹਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਚ ਪਾਰਟੀਆਂ ਬਦਲ ਕੇ ਅਤੇ ਭਗੌੜੇ ਉਮੀਦਵਾਰਾਂ ਨੂੰ ਪੈਸੇ ਦੇ ਕੇ ਟਿਕਟਾਂ ਲੈ ਕੇ ਆਏ ਹਨ। ਲੋਕ ਇਨ੍ਹਾਂ ਲੋਕਾਂ ਨੂੰ ਪਸੰਦ ਨਹੀਂ ਕਰਦੇ। ਸੁਖਬੀਰ ਨੇ ਕਿਹਾ ਕਿ ਨਵਜੋਤ ਸਿੱਧੂ ਨੇ 18 ਸਾਲਾਂ ‘ਚ ਅੰਮ੍ਰਿਤਸਰ ਵਿਧਾਨ ਸਭਾ ਹਲਕੇ ਦਾ ਕੋਈ ਵਿਕਾਸ ਨਹੀਂ ਕਰਵਾਇਆ।