ਚੰਡੀਗੜ੍ਹ 05 ਦਸੰਬਰ 2022: ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਵਲੋਂ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਚੁੱਕੀ ਹੈ । ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਦਿਲਜੀਤ ਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦਿਲਜੀਤ ਦੋਸਾਂਝ ਦੇ ਬਿਆਨ ‘ਤੇ ਸਹਿਮਤੀ ਜਤਾਈ ਹੈ |
ਸੁਖਬੀਰ ਬਾਦਲ (Sukhbir Badal) ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ‘ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਦਿੱਤੇ ਦਿਲਜੀਤ ਦੋਸਾਂਝ ਦੇ ਬਿਆਨ ਨਾਲ ਮੈਂ ਸਹਿਮਤ ਹਾਂ। ਦਿਲਜੀਤ ਨੇ ਸਹੀ ਕਿਹਾ ਕਿ ਇਹ 100 ਫ਼ੀਸਦੀ ਸਰਕਾਰ ਦੀ ਨਾਲਾਇਕੀ ਹੈ। ਪੰਜਾਬ ਨੇ ਆਪਣਾ ਇੱਕ ਨੌਜਵਾਨ, ਸਫਲ ਤੇ ਪਿਆਰਾ ਬੱਚਾ ਖੋਹ ਦਿੱਤਾ ਹੈ। ਪਹਿਲਾਂ ਪੰਜਾਬ ਸਰਕਾਰ ਨੇ ਮੂਸੇਵਾਲਾ ਦੀ ਸਕਿਉਰਟੀ ਘੱਟ ਕੀਤੀ, ਫਿਰ ਉਸ ਗੱਲ ਨੂੰ ਮੀਡੀਆ ‘ਚ ਲੀਕ ਕੀਤਾ।’ ਇਸ ਪੋਸਟ ਵਿੱਚ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਵੀ ਕੀਤਾ ਹੈ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਸੂਬੇ ‘ਚ ਪੰਜਾਬੀ ਕਲਾਕਾਰਾਂ ਦੇ ਹੋ ਰਹੇ ਕਤਲਾਂ ‘ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਲਈ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ‘ਤੇ ਬੋਲਦਿਆਂ ਦਿਲਜੀਤ ਨੇ ਕਿਹਾ ਕਿ ਇਹ ਸਰਕਾਰ ਦੀ 100 ਫੀਸਦੀ ਨਾਕਾਮੀ ਹੈ। ਇਹ ਰਾਜਨੀਤੀ ਹੈ ਅਤੇ ਰਾਜਨੀਤੀ ਬਹੁਤ ਗੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕਲਾਕਾਰਾਂ ਨਾਲ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਵੀ ਕਲਾਕਾਰਾਂ ਨਾਲ ਅਜਿਹਾ ਹੀ ਸਲੂਕ ਹੋ ਚੁੱਕਾ ਹੈ।
ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਸ ਬਾਰੇ ਗੱਲ ਕਰਨੀ ਵੀ ਔਖੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਇਹ ਦਰਦ ਕਿਵੇਂ ਝੱਲਣਾ ਪੈ ਰਿਹਾ ਹੋਵੇਗਾ। ਅਸੀਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ। ਸਿਰਫ਼ ਉਹੀ ਜਾਣਦੇ ਹਨ ਜਿਨ੍ਹਾਂ ‘ਤੇ ਬੀਤ ਰਹੀ ਹੈ |