Site icon TheUnmute.com

ਸੁਖਬੀਰ ਬਾਦਲ ਨੈਤਕਿਤਾ ਦੇ ਅਧਾਰ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ: ਮਨਜੀਤ ਸਿੰਘ ਭੋਮਾ

Sukhbir Badal

ਅੰਮ੍ਰਿਤਸਰ, 25 ਫਰਵਰੀ 2023: ਸੁਖਬੀਰ ਬਾਦਲ (Sukhbir Badal) ਨੂੰ ਨੈਤਕਿਤਾ ਦੇ ਅਧਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਤੋਂ ਅਸਤੀਫਾ ਦੇਵੇ । ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਸੰਸਥਾ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ ।ਭੋਮਾ ਨੇ ਸਪੱਸ਼ਟ ਕੀਤਾ ਕਿ ਕੋਟਕਪੂਰਾ ਗੋਲੀ ਕਾਂਡ ‘ਚ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਜੁੰਡੀ ਦੇ ਯਾਰ ਸੁਮੇਧ ਸੈਣੀ ਦਾ ਨਾਮ ਆਉਣ ਨਾਲ ਸਿੱਖ ਪੰਥ ਨੂੰ ਬਹੁਤ ਵੱਡੀ ਢਾਹ ਲੱਗੀ ਹੈ,ਜਿਸ ਦਾ ਵਰਨਣ ਸ਼ਬਦਾਂ ‘ਚ ਨਹੀ ਕੀਤਾ ਜਾ ਸਕਦਾ।

ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਇਹ ਬਹੁਤ ਨਾਮੋਸ਼ੀ ਵਾਲੀ ਗੱਲ ਹੈ ਅਤੇ ਬਾਦਲਾਂ ਨੇ ਸਿੱਖ ਪੰਥ ਦਾ ਵਿਸ਼ਵਾਸ਼ ਗਵ੍ਹਾ ਲਿਆ ਹੈ । ਪੰਜਾਬ ਵਾਸੀਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜ ਵਾਰੀ ਸੂਬੇ ਦਾ ਮੁੱਖ ਮੰਤਰੀ ਬਣਾਇਆ ਸੀ ਪਰ ਇਨ੍ਹਾ ਪਾਪੀਆਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ,ਜਿਸ ਲਈ ਇਨ੍ਹਾ ਨੂੰ ਕਦੇ ਮੁਆਫ ਨਹੀ ਕੀਤਾ ਜਾਵੇਗਾ। ਉਹਨਾਂ ਕਿਹਾ ਸਿੱਖਾਂ ਦੇ ਖੂਨ ਦੇ ਪਿਆਸੇ ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਣ ਦਾ ਸਵਾਦ ਚੱਖ ਲਿਆ ਹੈ ।

ਦੂਜੇ ਪਾਸੇ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਵੱਡੇ ਬਾਦਲ ਨੂੰ “ਫਖਰ-ਏ-ਕੌਮ” ਐਵਾਰਡ ਅਤੇ “ਪੰਥ ਰਤਨ” ਵੀ ਵਾਪਸ ਲੈ ਲੈਣਾ ਚਾਹੀਦਾ ਹੈ। ਬਾਦਲ ਕੌਮੀ ਸਨਮਾਨ ਦਾ ਹੱਕ ਗੁਆ ਚੁੱਕੇ ਹਨ। ਭੋਮਾ ਅਨੁਸਾਰ ਜਦ 2015 ਚ ਬਰਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤਾਂ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਪਏ ਸਨ। ਇਸੇ ਤਹਿਤ ਹੀ ਸਿੱਖ ਕੌਮ ਨੇ ਇਨਸਾਫ ਲਈ ਕੋਟਕਪੂਰਾ ਅਤੇ ਬਹਿਬਲ ਕਲਾਂ ਚ ਮੋਰਚੇ ਲਾਏ ਸੀ,ਜਿਸ ਚ ਪੁਲਿਸ ਗੋਲੀ ਨਾਲ ਦੋ ਸਿੱਖ ਗੱਭਰੂਆਂ ਦੀ ਮੌਤ ਹੋਈ ਸੀ,ਜਿਸ ਚ ਸਿਟ ਦੀ ਰਿਪੋਰਟ ਨੇ ਸੁਖਬੀਰ ਬਾਦਲ (Sukhbir Badal) ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ੁੰਮੇਵਾਰ ਠਹਰਾਇਆ ਹੈ।

ਇਸ ਮੌਕੇ ਮਨਜੀਤ ਸਿੰਘ ਭੋਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵੀ ਤਾਰੀਫ ਕੀਤੀ ਕਿ ਇਨ੍ਹਾ ਦੇ ਕੀਤੇ ਵਾਅਦਿਆਂ ਨੂੰ ਹੁਣ ਅਸਲ ਚ ਬੂਰ ਪੈਣ ਲੱਗਾ ਹੈ ,ਭੋਮਾ ਅਨੁਸਾਰ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖਾਂ ਨੇ “ਆਪ” ਪਾਰਟੀ ਨੂੰ ਵੋਟਾਂ ਹੀ ਇਸ ਲਈ ਪਾਈਆਂ ਸੀ ਕਿ ਬੇਅਦਬੀ,ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦਾ ਨਿਆਂ ਦਵਾਇਆ ਜਾ ਸਕੇ,ਜਿਸ ਦੇ ਪਹਿਲਾਂ ਵਾਅਦੇ ਕਾਂਗਰਸ ਦੀ ਸਰਕਾਰ ਨੇ ਕੀਤੇ ਸੀ ਜੋ ਵਫਾ ਨਹੀ ਹੋਏ ।

Exit mobile version