Site icon TheUnmute.com

ਸੁਖਬੀਰ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਦਾ ਡਰਾਮਾ ਕੀਤਾ ਜਾ ਰਿਹਾ ਹੈ: ਦਵਿੰਦਰ ਸਿੰਘ ਸੋਢੀ

Davinder Singh Sodhi

ਚੰਡੀਗੜ੍ਹ 07 ਮਈ 2022: ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਅਤੇ ਪਾਰਟੀ ਦੇ ਬੁਲਾਰੇ ਦਵਿੰਦਰ ਸਿੰਘ ਸੋਢੀ (Davinder Singh Sodhi) ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨਮੋਸ਼ੀਜਨਕ ਹਾਰ ਦੇ ਜਿੰਮੇਵਾਰ ਸੁਖਬੀਰ ਸਿੰਘ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਯੋਜਨਾਬੱਧ ਤਰੀਕੇ ਨਾਲ ਕੀਤੇ ਜਾ ਰਹੇ ਨਾਟਕ ਕਿਸੇ ਕੰਮ ਨਹੀ ਆਉਣਗੇ ਕਿਉਂਕਿ ਜਦੋ ਪੰਜਾਬ ਵਿੱਚ ਬਾਦਲ ਦਲ ਦੀ ਸਰਕਾਰ ਸੀ ਅਤੇ ਪਿਉ-ਪੁੱਤ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਨ, ਉਸ ਵੇਲੇ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੇ ਜਵਾਬ ਵਿੱਚ ਬਿਆਨ ਦੇ ਰਹੇ ਸਨ ਕਿ ਅਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੁੱਝ ਨਹੀ ਕਰ ਸਕਦੇ, ਉਲਟਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਅਤੇ ਮਾਸੜ ਦੇ ਕਤਲ ਦੇ ਦੋਸ਼ੀ ਸੁਮੇਧ ਸੈਣੀ ਨੂੰ ਤਰਕੀਆਂ ਦੇ ਕੇ ਡੀਜੀਪੀ ਲਾ ਕੇ ਸਿੱਖ ਕੌਮ ਦੇ ਜ਼ਖ਼ਮਾਂ `ਤੇ ਨਮਕ ਛਿੜਕਣ ਦਾ ਕੰਮ ਕੀਤਾ।

ਸੁਖਬੀਰ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਦਾ ਡਰਾਮਾ

ਸੁਖਬੀਰ ਸਿੰਘ ਬਾਦਲ `ਤੇ ਨਿਸ਼ਾਨਾ ਸੇਧਦਿਆਂ ਦਵਿੰਦਰ ਸਿੰਘ ਸੋਢੀ (Davinder Singh Sodhi) ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਜੋ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਕਰਵਾਉਣ ਦਾ ਡਰਾਮਾ ਕੀਤਾ ਜਾ ਰਿਹਾ ਹੈ, ਜਦੋਂ ਤੁਹਾਡੀ ਸਰਕਾਰ ਵੇਲੇ ਭਾਈ ਰਾਜੋਆਣਾ ਦੀ ਰਿਹਾਈ ਲਈ ਕੀਤਾ ਜਾ ਰਹੇ ਸੰਘਰਸ਼ ਦੌਰਾਨ ਭਾਈ ਜਸਪਾਲ ਸਿੰਘ ਚੌੜ ਸਿਧਵਾਂ (ਇਕੱਲਾ ਮਾਪਿਆਂ ਦਾ ਪੁੱਤ) ਨੂੰ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਮੰਤਰੀ ਹੁੰਦਿਆਂ ਸਰੇਆਮ ਪੰਜਾਬ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ, ਸੋਢੀ ਨੇ ਕਿਹਾ ਕਿ ਉਸ ਵੇਲੇ ਸੁਖਬੀਰ ਬਾਦਲ ਨੂੰ ਪੰਥ ਦੀ ਯਾਦ ਨਹੀ ਆਈ? ਸੋਢੀ ਨੇ ਕਿਹਾ ਕਿ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਹੋਰ ਕੀਤਾ ਜਾ ਰਿਹਾ ਡਰਾਮਾ ਕਿ ਕੈਪਟਨ ਸਰਕਾਰ ਨੇ ਝੁੱਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਅਫ਼ਸਰਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਜਦਕਿ ਅਸਲੀਅਤ ਇਹ ਹੈ ਕਿ ਇਨ੍ਹਾਂ ਅਫ਼ਸਰਾਂ ਦੀ ਸਜ਼ਾ ਮੁਆਫ਼ੀ ਕਰਨ ਦੀ ਸਿਫਾਰਿਸ਼ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਖ਼ੁਦ ਕੀਤੀ ਸੀ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ

ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਦੀ ਗੱਲ ਵਿੱਚ ਸਚਾਈ ਹੈ ਤਾਂ ਉਹ ਸਬੂਤ ਪੇਸ਼ ਕਰਨ ਕਿ ਇਹ ਸਿਫਾਰਿਸ਼ ਕੈਪਟਨ ਸਰਕਾਰ ਨੇ ਕੀਤੀ ਹੈ। ਉਨ੍ਹਾਂ ਅੱਗੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਤੁਹਾਡੇ ਗ੍ਰਹਿ ਮੰਤਰੀ ਹੁੰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਅੰਮ੍ਰਿਤ ਵੇਲੇ ਨਿਤ-ਨੇਮ ਕਰਦੀਆਂ ਸੰਗਤਾਂ `ਤੇ ਪੁਲਿਸ ਨੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ, ਉਸ ਵੇਲੇ ਸੁਖਬੀਰ ਬਾਦਲ ਨੂੰ ਪੰਥ ਕਿਉਂ ਨਹੀ ਯਾਦ ਆਇਆ? ਅੱਜ ਜਦੋਂ ਪੰਜਾਬ ਦੀ ਜਨਤਾ ਨੇ ਤੁਹਾਨੂੰ ਘਰ ਬੈਠਣ ਲਈ ਮਜਬੂਰ ਕਰ ਦਿੱਤਾ ਹੈ ਤਾਂ ਤੁਹਾਨੂੰ ਪੰਥ ਚੇਤੇ ਆਉਣ ਲੱਗ ਪਿਆ ਹੈ।

ਉਨ੍ਹਾਂ ਕਿਹਾ ਵਿਧਾਨ ਸਭਾ ਚੋਣਾਂ ਵਿੱਚ ਗੁਆਚੀ ਸਾਖ ਬਚਾਉਣ ਲਈ ਹੁਣ ਪੰਥ ਹਿਤੈਸ਼ੀ ਹੋਣ ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਸਿਆਸੀ ਹੱਥਕੰਡੇ ਇਸਤੇਮਾਲ ਕਰਕੇ ਮੁੜ ਆਪਣੀ ਸਿਆਸੀ ਧਰਾਤਲ ਸਥਾਪਤ ਕਰਨ ਦੇ ਕੋਝੇ ਯਤਨ ਕਰ ਰਿਹਾ ਹੈ ਪਰ ਪੰਥ ਅਤੇ ਪੰਜਾਬ ਦੇ ਲੋਕ ਹੁਣ ਉਨ੍ਹਾਂ ਨੂੰ ਮੂੰਹ ਨਹੀ ਲਗਾਉਣਗੇ ਕਿਉਂਕਿ ਪੰਜਾਬੀਆਂ ਨੇ ਬਾਦਲ ਪਰਿਵਾਰ ਦੇ ਦੋਹਰੇ ਚਿਹਰੇ ਨੂੰ ਪਛਾਣ ਲਿਆ ਹੈ ਅਤੇ ਹੁਣ ਪੰਥ ਅਤੇ ਪੰਜਾਬ ਲੋਕ ਉਨ੍ਹਾਂ ਦੇ ਝਾਂਸੇ ਵਿੱਚ ਆਉਣ ਵਾਲੇ ਨਹੀ ਹਨ।

Exit mobile version