June 28, 2024 6:54 am
Sri Muktsar Sahib

ਸ੍ਰੀ ਮੁਕਤਸਰ ਸਾਹਿਬ ਵਿਖੇ ਰਾਇਸ ਮਿੱਲਰ ਵਲੋਂ ਖੁਦਕਸ਼ੀ, ਮਿੱਲ ਦੇ ਹਿੱਸੇਦਾਰ ਮਾਮਾ ਤੇ ਉਸਦੇ ਪੁੱਤਰ ‘ਤੇ ਲੱਗੇ ਗੰਭੀਰ ਦੋਸ਼

ਸ੍ਰੀ ਮੁਕਤਸਰ ਸਾਹਿਬ 25 ਅਕਤੂਬਰ 2022: ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਨੇੜਲੇ ਮੰਡੀ ਬਰੀਵਾਲਾ ਵਿਚ ਇੱਕ ਰਾਇਸ ਮਿੱਲਰ ਵੱਲੋਂ ਖੁਦਕਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਰਾਇਸ ਮਿੱਲਰ ਦੇ ਹਿੱਸੇਦਾਰ ਮਾਮਾ ਅਤੇ ਉਸਦੇ ਬੇਟਿਆਂ ਵੱਲੋਂ ਉਸ ਨੂੰ ਕਥਿਤ ਧੋਖੇ ਨਾਲ ਮਿਲ ‘ਚੋਂ ਬਾਹਰ ਕੱਢਣ ਦਾ ਹੈ। ਮ੍ਰਿਤਕ ਦੀ ਪਛਾਣ ਸੁਨੀਲ ਜਿੰਦਲ ਉਰਫ ਸੰਨੀ ਜਿੰਦਲ ਵਜੋਂ ਹੋਈ ਹੈ |

ਕਥਿਤ ਮੁਲਜ਼ਮ ਉਸਦਾ ਸਕਾ ਮਾਮਾ ਅਤੇ ਉਸਦੇ ਦੋ ਪੁੱਤਰ ‘ਤੇ ਰਾਈਸ ਮਿੱਲ ‘ਚੋਂ ਹਿੱਸਾ ਕੱਢਣ ਲਈ ਪਿਸਤੌਲ ਦੇ ਜ਼ੋਰ ‘ਤੇ ਖਾਲੀ ਪੇਪਰਾਂ ‘ਤੇ ਦਸਤਖ਼ਤ ਕਰਵਾਉਣ ਅਤੇ ਕੁੱਟਮਾਰ ਦੇ ਦੋਸ਼ ਲੱਗੇ ਹਨ | ਦੱਸਿਆ ਜਾ ਰਿਹਾ ਹੈ ਕਿ ਸੁਨੀਲ ਜਿੰਦਲ ਉਰਫ ਸੰਨੀ ਜਿੰਦਲ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜੋ ਕਿ ਬੀਤੇ ਸ਼ੁੱਕਰਵਾਰ ਸ਼ਾਮ ਤੋਂ ਲਾਪਤਾ ਸੀ। ਉਸਦੀ ਲਾਸ਼ ਸੋਮਵਾਰ ਨੂੰ ਰਾਜਸਥਾਨ ਨਹਿਰ ‘ਚੋਂ ਮਿਲੀ ਹੈ।

ਕਥਿਤ ਮੁਲਜ਼ਮ ਉਸਦਾ ਸਕਾ ਮਾਮਾ ਅਤੇ ਉਸਦੇ ਦੋ ਪੁੱਤਰਾਂ ਦੇ ਖ਼ਿਲਾਫ ਥਾਣਾ ਬਰੀਵਾਲਾ ਪੁਲਿਸ ਨੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਕਥਿਤ ਮੁਲਜ਼ਮ ਅਜੇ ਪੁਲਿਸ ਦੀ ਗਿ੍ਫ਼ਤ ‘ਚੋਂ ਬਾਹਰ ਦੱਸੇ ਜਾ ਰਹੇ ਹਨ। ਇਸ ਸਬੰਧੀ ਥਾਣਾ ਬਰੀਵਾਲਾ ਪੁਲਿਸ ਨੂੰ ਦਿੱਤੇ ਬਿਆਨਾ ‘ਚ ਰਾਜ ਕੁਮਾਰ ਪੁੱਤਰ ਸੀਤਾ ਰਾਮ ਵਾਸੀ ਮੰਡੀ ਬਰੀਵਾਲਾ ਨੇ ਦੱਸਿਆ ਕਿ ਪਿੰਡ ਵੜਿੰਗ ਸਥਿਤ ‘ਸਟਾਰ ਰਾਈਸ ਮਿੱਲ’ ‘ਚ ਉਸਦੇ ਲੜਕੇ ਸੰਨੀ ਜਿੰਦਲ ਤੋਂ ਇਲਾਵਾ ਉਸਦਾ ਸਾਲਾ ਬੀਰਬਲ ਦਾਸ ਅਤੇ ਸਾਲੇ ਦੇ ਦੋ ਲੜਕੇ ਵਿਵੇਕਸ਼ੀਲ ਬਾਂਸਲ ਉਰਫ ਵਿੱਕੀ ਅਤੇ ਵਿਕਾਸਦੀਪ ਉਰਫ ਦੀਪਾ ਕਾਫੀ ਸਮੇਂ ਤੋਂ ਪਾਟਨਰ ਹਨ।

ਪਰ ਪਿਛਲੇ ਕੁਝ ਸਮੇਂ ਤੋਂ ਬੀਰਬਲ ਦਾਸ, ਵਿਵੇਕਸ਼ੀਲ ਅਤੇ ਵਿਕਾਸਦੀਪ ਮਿੱਲ ਵਿੱਚੋਂ ਉਸਦੇ ਬੇਟੇ ਦਾ ਹਿੱਸਾ ਕੱਢਣ ਦੀ ਕੋਸਿਸ ਕਰ ਰਹੇ ਸਨ। ਉਹ ਚਾਹੁੰਦੇ ਸੀ ਕਿ ਸੰਨੀ ਥੋੜ੍ਹੇ ਬਹੁਤੇ ਪੈਸੇ ਲੈ ਕੇ ਸ਼ੈਲਰ ‘ਚੋਂ ਬਾਹਰ ਹੋ ਜਾਵੇ। ਉਹ ਉਸਨੂੰ ਪੂਰਾ ਹਿੱਸਾ ਦਿੱਤੇ ਬਿਨਾ ਹੀ ਸ਼ੈਲਰ ‘ਚੋਂ ਬਾਹਰ ਕੱਢਣਾ ਚਾਹੁੰਦੇ ਸੀ। ਬੀਤੇ ਸ਼ੁੱਕਰਵਾਰ ਸ਼ਾਮ ਨੂੰ ਜਦੋਂ ਸੰਨੀ ਜਿੰਦਲ ਨੂੰ ਘਰ ਆਉਣ ਲਈ ਫੋਨ ਕੀਤਾ ਤਾਂ ਉਸਨੇ ਰੋਂਦੇ ਹੋਏ ਦੱਸਿਆ ਕਿ ਮਾਮਾ ਬੀਰਬਲ ਅਤੇ ਉਸਦੇ ਦੋ ਲੜਕਿਆਂ ਵਿਵੇਕਸ਼ੀਲ ਅਤੇ ਵਿਕਾਸਦੀਪ ਨੇ ਉਸਨੂੰ ਸ਼ੈਲਰ ‘ਤੇ ਬੁਲਾ ਕੇ ਪਿਸਤੌਲ ਦਿਖਾ ਕੇ ਡਰਾ ਧਮਕਾ ਕੇ ਖਾਲੀ ਕਾਗਜ਼ਾਂ ‘ਤੇ ਦਸਤਖਤ ਕਰਵਾ ਲਏ ਹਨ।

ਇਸਤੋਂ ਬਾਅਦ ਉਸਦੀ ਕੁੱਟਮਾਰ ਕਰਨ ਤੋਂ ਬਾਅਦ ਉਸਨੂੰ ਵੀ ਸ਼ੈਲਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਉਨ੍ਹਾਂ ਨੇ ਉਸਨੂੰ ਇਹ ਵੀ ਕਿਹਾ ਕਿ ਜਾਂ ਤਾਂ ਉਹ ਖੁਦ ਮਰ ਜਾਵੇ, ਨਹੀਂ ਤਾਂ ਉਹ ਉਸਨੂੰ ਮਾਰ ਦੇਣਗੇ। ਰਾਜਕੁਮਾਰ ਨੇ ਦੱਸਿਆ ਕਿ ਉਸਨੇ ਆਪਣੇ ਬੇਟੇ ਨੂੰ ਘਰ ਆਉਣ ਲਈ ਕਿਹਾ। ਪਰ ਉਹ ਘਰ ਨਹੀਂ ਪਹੁੰਚਿਆ। ਜਦੋਂ ਉਹ ਘਰ ਨਾ ਪੁੱਜਿਆ ਤਾਂ ਉਸਦੀ ਭਾਲ ਕੀਤੀ ਗਈ। ਪਰ ਉਸਦਾ ਕੁਝ ਪਤਾ ਨਹੀਂ ਲੱਗਿਆ।

ਅਗਲੇ ਦਿਨ ਸ਼ਨੀਵਾਰ ਸ਼ਾਮ ਨੂੰ ਉਸਦੀ ਕਰੇਟਾ ਗੱਡੀ ਪਿੰਡ ਵੜਿੰਗ ਨੇੜੇ ਰਾਜਸਥਾਨ ਨਹਿਰ ਦੇ ਕੰਢੇ ਲਾਵਾਰਸ ਹਾਲਤ ‘ਚ ਖੜੀ ਮਿਲੀ। ਇਸਤੋਂ ਅੰਦਾਜ਼ਾ ਹੋ ਗਿਆ ਕਿ ਉਸਦੇ ਲੜਕੇ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਸੋਮਵਾਰ ਦੀ ਦੁਪਹਿਰ ਉਸਦੀ ਲਾਸ਼ ਪਿੰਡ ਭੁੱਲਰ ਦੇ ਨਜ਼ਦੀਕ ਸਥਿਤ ਪੁਲ ਦੇ ਕੋਲ ਮਿਲੀ। ਪੁਲਿਸ ਨੇ ਸੋਮਵਾਰ ਦੇਰ ਸ਼ਾਮ ਨੂੰ ਮਿ੍ਤਕ ਦੇ ਮਾਮਾ ਬੀਰਬਲ ਦਾਸ, ਉਸਦੇ ਚਚੇਰੇ ਭਰਾਵਾਂ ਨੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।