ਚੰਡੀਗੜ੍ਹ 30 ਨਵੰਬਰ 2022: ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ (Balochistan) ਸੂਬੇ ਵਿੱਚ ਅੱਜ ਸੁਰੱਖਿਆ ਕਰਮੀਆਂ ਨੂੰ ਲਿਜਾ ਰਹੇ ਇੱਕ ਟਰੱਕ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਧਮਾਕਾ ਕੀਤਾ ਗਿਆ ਹੈ । ਇਸ ਹਮਲੇ ‘ਚ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ 20 ਪੁਲਿਸ ਮੁਲਾਜ਼ਮਾਂ ਸਮੇਤ 23 ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਤੋਂ ਇੱਕ ਦਿਨ ਪਹਿਲਾਂ ਬਲੋਚਿਸਤਾਨ ਵਿੱਚ ਸੁਰੱਖਿਆ ਕਰਮੀਆਂ ਨੇ 10 ਸ਼ੱਕੀ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਬਲੋਚਿਸਤਾਨ ਵਿਚ ਪੋਲੀਓ ਟੀਕਾਕਰਨ ਮੁਹਿੰਮ ਵਿਚ ਲੱਗੇ ਕਰਮਚਾਰੀਆਂ ਦੀ ਸੁਰੱਖਿਆ ਲਈ ਪੁਲਿਸ ਅਧਿਕਾਰੀਆਂ ਨੂੰ ਇਕ ਟਰੱਕ ਵਿਚ ਲਿਜਾਇਆ ਜਾ ਰਿਹਾ ਹੈ, ਜਿਸ ‘ਤੇ ਆਤਮਘਾਤੀ ਹਮਲਾ ਕਰ ਦਿੱਤਾ |
ਇਸ ਹਮਲੇ ਬਾਰੇ ਕਵੇਟਾ ਦੇ ਡੀਆਈਜੀ ਗੁਲਾਮ ਅਜ਼ਫਰ ਮਹੇਸਰ ਦੇ ਹਵਾਲੇ ਨਾਲ ਦੱਸਿਆ ਕਿ ਧਮਾਕੇ ਕਾਰਨ ਟਰੱਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਖੱਡ ਵਿੱਚ ਡਿੱਗ ਗਿਆ। ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹੇਸਰ ਨੇ ਕਿਹਾ ਕਿ ਅੰਦਾਜ਼ਾ ਹੈ ਕਿ ਧਮਾਕੇ ਲਈ ਘੱਟੋ-ਘੱਟ 25 ਕਿਲੋ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ।
ਡੀਆਈਜੀ ਮਹੇਸਰ ਨੇ ਕਿਹਾ ਕਿ ਇਹ ਆਤਮਘਾਤੀ ਹਮਲਾ ਸੀ ਕਿਉਂਕਿ ਘਟਨਾ ਸਥਾਨ ਦੇ ਨੇੜੇ ਆਤਮਘਾਤੀ ਹਮਲਾਵਰ ਦੀਆਂ ਲਾਸ਼ਾਂ ਮਿਲੀਆਂ ਹਨ। ਹਮਲੇ ‘ਚ ਕਰੀਬ 20 ਪੁਲਿਸ ਕਰਮਚਾਰੀ ਅਤੇ ਤਿੰਨ ਨਾਗਰਿਕ ਜ਼ਖਮੀ ਹੋ ਗਏ। ਦੋ ਪੁਲਿਸ ਮੁਲਾਜ਼ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਹੈ। ਜੀਓ ਨਿਊਜ਼ ਮੁਤਾਬਕ ਉਨ੍ਹਾਂ ਨੇ ਇਸ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਰਾਸ਼ਟਰਪਤੀ ਆਰਿਫ ਅਲਵੀ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਮ੍ਰਿਤਕਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।