Site icon TheUnmute.com

ਨਾਮੀ ਉਚੇਰੀ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਨਗੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ: ਹਰਜੋਤ ਸਿੰਘ ਬੈਂਸ

ਸਕੂਲ ਸਿੱਖਿਆ

ਚੰਡੀਗੜ੍ਹ 23 ਨਵੰਬਰ 2022 : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਨ ਵਿਚ ਨਾਮੀ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਸਿੱਖਿਆ ਹਾਸਲ ਕਰਨ ਦੀ ਚੇਟਕ ਲਾਉਣ ਅਤੇ ਇਨ੍ਹਾਂ ਸੰਸਥਾਵਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਨਾਮੀਂ ਉਚੇਰੀ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਫ਼ੈਸਲੇ ਨਾਲ 3661 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 9ਵੀਂ ਤੋਂ 12 ਵੀਂ ਤੱਕ 20 ਵਿਦਿਆਰਥੀਆਂ ( 5 ਵਿਦਿਆਰਥੀ ਪ੍ਰਤੀ ਜਮਾਤ ) ਨੂੰ ਇਨ੍ਹਾਂ ਸਿੱਖਿਆ ਸੰਸਥਾਵਾਂ ਦਾ ਦੌਰਾ ਕਰਵਾਉਣ ਲਈ 1 ਕਰੋੜ 46 ਲੱਖ 44 ਹਜ਼ਾਰ ਖਰਚ ਕਰੇਗੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਪ੍ਰਤੀ ਵਿਦਿਆਰਥੀ ਸਿੱਖਿਆ ਵਿਭਾਗ , ਪੰਜਾਬ ਵੱਲੋਂ ਪ੍ਰਤੀ ਵਿਦਿਆਰਥੀ ਲਈ ਕੁੱਲ 200/- ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਅਤੇ ਕੁੱਲ 75000 ਵਿਦਿਆਰਥੀ ਸਾਇੰਸ ਸਿਟੀ, ਆਈ.ਆਈ.ਟੀ. ਜਾਂ ਉਚੇਰੀ ਸਿੱਖਿਆ ਸੰਸਥਾਨ ਦਾ ਦੌਰਾ ਕਰਨਗੇ।

ਸ. ਬੈਂਸ ਨੇ ਦੱਸਿਆ ਕਿ ਇਸ ਕਾਰਜ਼ ਲਈ ਜ਼ਿਲ੍ਹਾ ਅੰਮ੍ਰਿਤਸਰ ਨੂੰ 9.12 ਲੱਖ, ਬਰਨਾਲਾ ਨੂੰ 3.68 ਲੱਖ, ਬਠਿੰਡਾ ਨੂੰ 8 ਲੱਖ, ਫਰੀਦਕੋਟ ਨੂੰ 3.48 ਲੱਖ, ਫਤਿਹਗੜ੍ਹ ਸਾਹਿਬ ਨੂੰ 3.20 ਲੱਖ, ਫਜਿਲਕਾ ਨੂੰ 6 ਲੱਖ, ਫ਼ਿਰੋਜ਼ਪੁਰ ਨੂੰ 4.88 ਲੱਖ, ਗੁਰਦਾਸਪੁਰ ਨੂੰ 8.08 ਲੱਖ, ਹੁਸ਼ਿਆਰਪੁਰ ਨੂੰ 10.60 ਲੱਖ, ਜਲੰਧਰ ਨੂੰ 11.20 ਲੱਖ, ਕਪੂਰਥਲਾ ਨੂੰ 5.32 ਲੱਖ, ਲੁਧਿਆਣਾ ਨੂੰ 14 ਲੱਖ, ਮਲੇਰਕੋਟਲਾ ਨੂੰ 2.20 ਲੱਖ, ਮਾਨਸਾ ਨੂੰ 5.20 ਲੱਖ, ਮੋਗਾ ਨੂੰ 6.56 ਲੱਖ, ਮੋਹਾਲੀ ਨੂੰ 4.40 ਲੱਖ, ਮੁਕਤਸਰ ਨੂੰ 6.16 ਲੱਖ , ਨਵਾਂ ਸ਼ਹਿਰ ਨੂੰ 4.12 ਲੱਖ, ਪਠਾਨਕੋਟ ਨੂੰ 3.20 ਲੱਖ, ਪਟਿਆਲਾ ਨੂੰ 8.32 ਲੱਖ, ਰੋਪੜ ਨੂੰ 4.64 ਲੱਖ, ਸੰਗਰੂਰ ਨੂੰ 7.04 ਲੱਖ, ਤਰਨਤਾਰਨ ਨੂੰ 7.04 ਲੱਖ ਰੁਪਏ ਦੀ ਜ਼ਿਲ੍ਹਾ ਅਨੁਸਾਰ ਰਾਸ਼ੀ ਜਾਰੀ ਕੀਤੀ ਗਈ ਹੈ ।

Exit mobile version