Site icon TheUnmute.com

ਯੂਕਰੇਨ ‘ਚੋਂ ਨਿਕਲਣ ਲਈ ਪਾਕਿਸਤਾਨ ਤੇ ਤੁਰਕੀ ਦੇ ਵਿਦਿਆਰਥੀਆਂ ਨੇ ਲਈ ਤਿਰੰਗੇ ਦੀ ਮਦਦ

ਤਿਰੰਗੇ

ਚੰਡੀਗੜ੍ਹ 02 ਮਾਰਚ 2022: ਯੂਕਰੇਨ ਅਤੇ ਰੂਸ ਵਿਚਾਲੇ ਜੰਗ ਕਾਰਨ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਰੂਸ ਲਗਾਤਾਰ ਯੂਕਰੇਨ ‘ਤੇ ਹਮਲੇ ਕਰ ਰਿਹਾ ਹੈ। ਇਸ ਸਭ ਦੇ ਵਿਚਕਾਰ ਹਜ਼ਾਰਾਂ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਯੂਕਰੇਨ ‘ਚ ਫਸੇ ਹੋਏ ਸਨ, ਜਿਨ੍ਹਾਂ ਨੂੰ ਦੇਸ਼ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਆਪਰੇਸ਼ਨ ਗੰਗਾ ਚਲਾਇਆ ਜਾ ਰਿਹਾ ਹੈ।ਇਸ ਮੁਹਿੰਮ ਤਹਿਤ ਹਜ਼ਾਰਾਂ ਵਿਦਿਆਰਥੀ ਅਤੇ ਨਾਗਰਿਕ ਆਪਣੇ ਵਤਨ ਪਰਤ ਗਏ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਹੁੰਚਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਦੇਸ਼ ਦੇ ਤਿਰੰਗੇ ਨੇ ਭਾਰਤੀਆਂ ਤੋਂ ਇਲਾਵਾ ਪਾਕਿਸਤਾਨ ਅਤੇ ਤੁਰਕੀ ਦੇ ਵਿਦਿਆਰਥੀਆਂ ਨੂੰ ਵੀ ਯੂਕਰੇਨ ਤੋਂ ਬਾਹਰ ਨਿਕਲਣ ‘ਚ ਮਦਦ ਕੀਤੀ।

ਇਸ ਦੌਰਾਨ ਯੂਕਰੇਨ ਤੋਂ ਰੋਮਾਨੀਆ ਦੇ ਬੁਖਾਰੇਸਟ ਸ਼ਹਿਰ ਪਹੁੰਚੇ ਭਾਰਤੀ ਵਿਦਿਆਰਥੀਆਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਰਾਸ਼ਟਰੀ ਤਿਰੰਗੇ ਨੇ ਉਨ੍ਹਾਂ ਦੇ ਨਾਲ-ਨਾਲ ਕੁਝ ਪਾਕਿਸਤਾਨੀ ਅਤੇ ਤੁਰਕੀ ਵਿਦਿਆਰਥੀਆਂ ਨੂੰ ਵੀ ਯੁੱਧ ਪ੍ਰਭਾਵਿਤ ਦੇਸ਼ ਦੀਆਂ ਵੱਖ-ਵੱਖ ਚੌਕੀਆਂ ਨੂੰ ਸੁਰੱਖਿਅਤ ਢੰਗ ਨਾਲ ਪਾਰ ਕਰਨ ‘ਚ ਮਦਦ ਕੀਤੀ।

ਦੱਖਣੀ ਯੂਕਰੇਨ ਦੇ ਓਡੇਸਾ ਦੇ ਇੱਕ ਮੈਡੀਕਲ ਵਿਦਿਆਰਥੀ ਨੇ ਕਿਹਾ, “ਸਾਨੂੰ ਯੂਕਰੇਨ ‘ਚ ਕਿਹਾ ਗਿਆ ਸੀ ਕਿ ਭਾਰਤੀ ਹੋਣ ਅਤੇ ਭਾਰਤੀ ਝੰਡਾ ਚੁੱਕਣ ਨਾਲ ਸਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ।” ਇੱਕ ਵਿਦਿਆਰਥੀ ਨੇ ਕਿਹਾ, ‘ਮੈਂ ਬਾਜ਼ਾਰ ਵੱਲ ਭੱਜਿਆ, ਕੁਝ ਰੰਗਾਂ ਦਾ ਸਪਰੇਅ ਅਤੇ ਇੱਕ ਪਰਦਾ ਖਰੀਦਿਆ। ਫਿਰ ਮੈਂ ਪਰਦਾ ਕੱਟਿਆ ਅਤੇ ਇਸ ਨੂੰ ਭਾਰਤੀ ਤਿਰੰਗੇ ਬਣਾਉਣ ਲਈ ਸਪਰੇਅ ਪੇਂਟ ਕੀਤਾ।’ ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਕੁਝ ਪਾਕਿਸਤਾਨੀ ਅਤੇ ਤੁਰਕੀ ਦੇ ਵਿਦਿਆਰਥੀਆਂ ਨੇ ਭਾਰਤੀ ਝੰਡੇ ਦੀ ਵਰਤੋਂ ਕਰਕੇ ਚੌਕੀਆਂ ਨੂੰ ਪਾਰ ਕੀਤਾ। ਇੱਕ ਵਿਦਿਆਰਥੀ ਨੇ ਕਿਹਾ, “ਤੁਰਕੀ ਅਤੇ ਪਾਕਿਸਤਾਨੀ ਵਿਦਿਆਰਥੀ ਵੀ ਭਾਰਤੀ ਝੰਡੇ ਦੀ ਵਰਤੋਂ ਕਰ ਰਹੇ ਸਨ।” ਉਨ੍ਹਾਂ ਕਿਹਾ ਕਿ ਭਾਰਤੀ ਝੰਡਾ ਪਾਕਿਸਤਾਨੀ, ਤੁਰਕੀ ਦੇ ਵਿਦਿਆਰਥੀਆਂ ਲਈ ਬਹੁਤ ਮਦਦਗਾਰ ਸੀ।

ਇਸਦੇ ਨਾਲ ਹੀ ਇਕ ਹੋਰ ਵਿਦਿਆਰਥੀ ਨੇ ਕਿਹਾ, ‘ਅਸੀਂ ਓਡੇਸਾ ਤੋਂ ਬੱਸ ਬੁੱਕ ਕੀਤੀ ਅਤੇ ਮੋਲੋਡੋਵਾ ਬਾਰਡਰ ‘ਤੇ ਆਏ। ਮੋਲਡੋਵਨ ਦੇ ਨਾਗਰਿਕ ਬਹੁਤ ਚੰਗੇ ਸਨ। ਉਨ੍ਹਾਂ ਨੇ ਸਾਨੂੰ ਰੋਮਾਨੀਆ ਜਾਣ ਲਈ ਮੁਫ਼ਤ ਰਿਹਾਇਸ਼ ਅਤੇ ਟੈਕਸੀਆਂ ਅਤੇ ਬੱਸਾਂ ਦਿੱਤੀਆਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੋਲੋਡੋਵਾ ‘ਚ ਉਨ੍ਹਾਂ ਨੂੰ ਜ਼ਿਆਦਾ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਭਾਰਤੀ ਦੂਤਾਵਾਸ ਨੇ ਪਹਿਲਾਂ ਹੀ ਪ੍ਰਬੰਧ ਕਰ ਲਏ ਸਨ।

Exit mobile version