ਸਮਾਣਾ 15 ਨਵੰਬਰ 2022 : ਸਥਾਨਕ ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਵਿੱਚ ਸਕੂਲ ਦੇ ਮੁੱਖ ਸਪ੍ਰਸਤ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਸ੍ਰਪ੍ਰਸਤੀ ਹੇਠ ਸਲਾਨਾ ਇਨਾਮ ਵੰਡ ਸਮਾਰੋਹ ਨੂੰ ਬਹੁਰੰਗੀ ਸ਼ੈਲੀ ਅਤੇ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਸ. ਚੇਤਨ ਸਿੰਘ ਜੋੜਾਮਾਜਰਾ ਸਿਹਤ ਮੰਤਰੀ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਸ੍ਰੀਮਤੀ ਮਨਪ੍ਰੀਤ ਕੌਰ ਭੈਣ ਮੁੱਖ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ।
ਇਸ ਮੌਕੇ ਸਕੂਲ ਪ੍ਰਧਾਨ ਸ਼੍ਰੀਮਤੀ ਸੁਖਵਿੰਦਰਜੀਤ ਕੌਰ, ਸਕੂਲ ਡਾਇਰੈਕਟਰ ਆਫ਼ ਐਜ਼ੂਕੇਸ਼ਨ ਅਤੇ ਸਲਾਹਕਾਰ ਐਡਵੋਕੇਟ ਸ. ਕਰਨ ਰਾਜਬੀਰ ਸਿੰਘ, ਸ੍ਰੀਮਤੀ ਅਮਨਦੀਪ ਕੌਰ ਇੰਚਾਰਜ ਜੂਨੀਅਰ ਵਿੰਗ ਪਟਿਆਲਾ ਅਤੇ ਹੋਰ ਸਨਮਾਨਯੋਗ ਸ਼ਖਸ਼ੀਅਤਾਂ ਦੇ ਪੁੱਜਣ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨਰਿੰਦਰ ਕੌਰ ਤੇ ਸਟਾਫ਼ ਵੱਲੋਂ ਸਭ ਦਾ ਨਿੱਘਾ ਸਵਾਗਤ ਕੀਤਾ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਸ. ਚੇਤਨ ਸਿੰਘ ਜੋੜਾਮਾਜਰਾ ਸਿਹਤ ਮੰਤਰੀ ਨੇ ਸੰਬੋਧਨ ਕਰਦਿਆ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਇਨ੍ਹਾਂ ਬੱਚਿਆਂ ਨੇ ਹੀ ਦੇਸ਼ ਦੀ ਵਾਂਗਡੋਰ ਸੰਭਾਲਣੀ ਹੈ। ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਰ ਮੁਕਾਬਲੇ ਵਿੱਚ ਚੰਗੀਆਂ ਮੱਲਾ ਮਾਰੀਆਂ ਹਨ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਦੀ ਸਚੁੱਜੀ ਅਗਵਾਈ ਹੇਠ ਸਕੂਲ ਸਟਾਫ ਦੀ ਚੰਗੀ ਮੇਹਨਤ ਤੇ ਵਿਦਿਆਰਥੀਆਂ ਦੀ ਲਗਨ ਸਕੂਲ ਦਾ ਨਾਮ ਚਮਕਾ ਰਹੇ ਹਨ। ਏਹੀ ਬੱਚੇ ਪੜ ਲਿਖ ਕੇ ਚੰਗੇ ਅਹੁਦਿਆਂ ਤੇ ਸੇਵਾ ਨਿਭਾ ਰਹੇ ਹਨ।
ਸਮਾਗਮ ਦੀ ਸ਼ੁਰੂਆਤ ਸਕੂਲੀ ਬੱਚਿਆਂ ਨੇ ਮਿੱਠੀ ਧੁੰਨ ਅਤੇ ਸੁਰੀਲੀ ਆਵਾਜ਼ ਵਿੱਚ ਸ਼ਬਦ ਗਾਇਨ ਕਰਕੇ ਕੀਤੀ। ਬੱਚਿਆਂ ਦੀਆਂ ਵੱਖ-ਵੱਖ ਟੋਲੀਆਂ ਨੇ ਵੱਖਰੀਆਂ-ਵੱਖਰੀਆਂ ਪੇਸ਼ਕਾਰੀਆਂ ਕਰਕੇ ਖੂਬ ਰੰਗ ਬਣਿਆ। ਜਿਵੇਂ ਗਣੇਸ਼ ਵੰਦਨਾ, ਤਾਇਕਵਾਂਡੋ ਮਾਰਸ਼ਲ ਕਰਤੱਵ, ਤਾਰੇ ਜ਼ਮੀਨ ਪਰ, ਗਿੱਧਾ, ਜਾਗੋ, ਭੰਗੜਾ ਆਦਿ। ਸਕੂਲ ਕੌਂਸਲ ਦੇ ਵਿਦਿਆਰਥੀਆਂ ਨੇ ਸਟੇਜ ਸੰਭਾਲੀ ਅਤੇ ਸਕੂਲ ਦੀਆਂ ਅਕਾਦਮਿਕ ਖੇਤਰ ਵਿੱਚ ਪ੍ਰਾਪਤੀਆਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਉਜਾਗਰ ਕਰਦਿਆਂ ਸਾਲਾਨਾ ਰਿਪੋਰਟ ਪੇਸ਼ ਕੀਤੀ।
ਚੇਤਨ ਸਿੰਘ ਜੋੋੜਾਮਾਜਰਾ ਨੇ ਸਕੂਲ ਦੀਆਂ ਗਤੀਵਿਧੀਆਂ ਤੇ ਹੋਰ ਵਿਦਿਅਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਤੇ ਇਨਾਮ ਵੰਡ ਕੇ ਉਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ। ਇਕ ਮੌਕੇ ਜਸਵਿੰਦਰ ਸਿੰਘ ਜੱਸੀ ਅਮਰੀਕਾ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਸੁਖਦੇਵ ਸਿੰਘ ਸੁਖਾ, ਬਾਬਾ ਲਛਮਣ ਸਿੰਘ, ਬਾਬਾ ਗੁਰਮੁੱਖ ਸਿੰਘ, ਅਜੇ ਗਰਗ ਆਦਿ ਹਾਜ਼ਰ ਸਨ।