July 7, 2024 6:30 pm
Private Schools

ਚੰਡੀਗੜ੍ਹ ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲਾਂ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਚੰਡੀਗੜ੍ਹ 05 ਅਪ੍ਰੈਲ 2022: ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ (Private Schools) ਲਈ ਵੱਡਾ ਫੈਸਲਾ ਲਿਆ ਗਿਆ ਸੀ | ਇਸਦੇ ਚੱਲਦੇ ਹੁਣ ਚੰਡੀਗੜ੍ਹ ਸਿੱਖਿਆ ਵਿਭਾਗ (Chandigarh Education Department) ਨੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮੁਖੀਆਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਮਾਪਿਆਂ ਜਾਂ ਵਿਦਿਆਰਥੀ ਨੂੰ ਕਿਸੇ ਦੁਕਾਨ ਤੋਂ ਕਿਤਾਬਾਂ ਸਮੇਤ ਕੋਈ ਵੀ ਸਕੂਲੀ ਵਸਤੂ ਖਰੀਦਣ ਲਈ ਮਜਬੂਰ ਨਾ ਕਰਨ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਧਿਆਨ ‘ਚ ਆਇਆ ਹੈ ਕਿ ਕੁਝ ਸਕੂਲ ਮਾਪਿਆਂ/ਵਿਦਿਆਰਥੀਆਂ ਨੂੰ ਕਿਤਾਬਾਂ/ਨੋਟ ਬੁੱਕ/ਸਟੇਸ਼ਨਰੀ ਆਇਟਮਾਂ/ਵਰਦੀਆਂ ਕਿਸੇ ਵਿਸ਼ੇਸ਼ ਕਿਤਾਬਾਂ ਦੀ ਦੁਕਾਨ ਤੋਂ ਖਰੀਦਣ ਲਈ ਕਹਿ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਸਮੇਂ-ਸਮੇਂ ’ਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਪਰ ਕੁਝ ਪ੍ਰਾਈਵੇਟ ਸਕੂਲ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ।ਇਸਦੇ ਚੱਲਦੇ ਚੰਡੀਗੜ੍ਹ ਪ੍ਰਸ਼ਾਸਨ ਹੁਣ ਇਸ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਇਸ ਲਈ ਸਾਰੇ ਸਕੂਲਾਂ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਜੇਕਰ ਕਿਸੇ ਵੀ ਸਕੂਲ ਖਿਲਾਫ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕੁਤਾਹੀ ਕਰਨ ਵਾਲੇ ਸਕੂਲ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਪੇ ਜਾਂ ਵਿਦਿਆਰਥੀ ਕਿਸੇ ਵੀ ਦੁਕਾਨ ਤੋਂ ਸਾਮਾਨ ਖਰੀਦ ਸਕਦੇ ਹਨ। ਜੇਕਰ ਕੋਈ ਸ਼ਿਕਾਇਤ ਹੈ ਤਾਂ ਮਾਪੇ ਜਾਂ ਵਿਦਿਆਰਥੀ ਸਿੱਧੇ ਤੌਰ ‘ਤੇ ਸਿੱਖਿਆ ਵਿਭਾਗ ਨੂੰ ਨਿੱਜੀ ਤੌਰ ‘ਤੇ ਜਾਂ ਡਾਕ ਰਾਹੀਂ ਭੇਜ ਸਕਦੇ ਹਨ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਸਿੱਖਿਆ ਵਿਭਾਗ (Chandigarh Education Department) ਵੱਲੋਂ 30 ਨਵੰਬਰ 2021 ਨੂੰ ਵੀ ਸੈਸ਼ਨ 2022-23 ਲਈ ਸ਼ਹਿਰ ਦੇ ਸਕੂਲਾਂ ‘ਚ ਐਂਟਰੀ ਲੈਵਲ ਜਮਾਤਾਂ ‘ਚ ਦਾਖ਼ਲੇ ਲਈ ਸਕੂਲਾਂ ਨੂੰ ਜਾਰੀ ਕੀਤੀ ਗਈ ਐਡਵਾਈਜ਼ਰੀ ‘ਚ ਇਹ ਵੀ ਸਾਫ਼ ਲਿਖਿਆ ਗਿਆ ਸੀ ਕਿ ਯੂਟੀ ਸਕੂਲਾਂ ਨੂੰ ਵਰਦੀ ਦਿੱਤੀ ਜਾਵੇ, ਕਿਤਾਬਾਂ ਅਤੇ ਆਈਟਮਾਂ ਨਾਲ ਸਬੰਧਤ ਹੋਰ ਜਾਣਕਾਰੀ ਵੀ ਨੋਟਿਸ ਬੋਰਡ ਜਾਂ ਵੈੱਬਸਾਈਟ ‘ਤੇ ਦਿਖਾਉਣੀ ਪਵੇਗੀ। ਮਾਪੇ ਕਿਸੇ ਵੀ ਦੁਕਾਨ ਤੋਂ ਇਨ੍ਹਾਂ ਦੀ ਖਰੀਦਦਾਰੀ ਕਰ ਸਕਦੇ ਹਨ।